ਪੇਈਚਿੰਗ, 17 ਜੂਨ
ਬਰਿਕਸ ਦੇਸ਼ਾਂ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ) ਦਾ 14ਵਾਂ ਸਿਖ਼ਰ ਸੰਮੇਲਨ 23 ਜੂਨ ਨੂੰ ਪੇਈਚਿੰਗ ਵਿੱਚ ਡਿਜੀਟਲ ਮੋਡ ਰਾਹੀਂ ਹੋਵੇਗਾ, ਜਿਸ ਦੀ ਮੇਜ਼ਬਾਨੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਕਰਨਗੇ। ਚੀਨੀ ਵਿਦੇਸ਼ ਮੰਤਰਾਲੇ ਨੇ ਅੱਜ ਇਹ ਐਲਾਨ ਕੀਤਾ। ਚੀਨ ਇਸ ਸਾਲ ਬਰਿਕਸ ਦੀ ਪ੍ਰਧਾਨਗੀ ਕਰ ਰਿਹਾ ਹੈ। ਚੀਨ ਦੇ ਰਾਸ਼ਟਰਪਤੀ ਦੀ ਪ੍ਰਧਾਨਗੀ ਵਿੱਚ ਹੋਣ ਵਾਲੇ ਸਿਖ਼ਰ ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਬੋਲਸੋਨਾਰੋ ਅਤੇ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਦੇ ਸ਼ਾਮਲ ਹੋਣ ਦੀ ਆਸ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਹੂਆ ਚੁਨਯਿੰਗ ਨੇ ਇਕ ਬਿਆਨ ਵਿੱਚ ਕਿਹਾ ਕਿ ਸਿਖ਼ਰ ਸੰਮੇਲਨ ਡਿਜੀਟਲ ਮੋਡ ਰਾਹੀਂ ਹੋਵੇਗਾ। ਸਿਖ਼ਰ ਸੰਮੇਲਨ ਦਾ ਵਿਸ਼ਾ ‘‘ਉੱਚ ਗੁਣਵੱਤਾ ਵਾਲੀ ਬਰਿਕਸ ਨੂੰ ਮਜ਼ਬੂਤ ਕਰਨਾ’’ ਹੈ। -ਪੀਟੀਆਈ