ਪੇਈਚਿੰਗ, 30 ਸਤੰਬਰ
‘ਬ੍ਰਿਕਸ’ ਦੇਸ਼ਾਂ ਦੀ ਨਿਊ ਡਿਵੈੱਲਪਮੈਂਟ ਬੈਂਕ (ਐੱਨ.ਡੀ.ਬੀ.) ਵੱਲੋਂ ਮੁੰਬਈ ਮੈਟਰੋ ਲਈ 24.1 ਕਰੋੜ ਡਾਲਰ ਅਤੇ ਦਿੱਲੀ ਗਾਜ਼ੀਆਬਾਦ-ਮੇਰਠ ਰੇਪਿਡ ਰਿਜਨਲ ਟਰਾਂਜਿਟ ਸਿਸਟਮ (ਆਰਆਰਟੀਐੱਸ) ਪ੍ਰਾਜੈਕਟ ਲਈ 50 ਕਰੋੜ ਡਾਲਰ ਦੇ ਕਰਜ਼ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇੱਕ ਬਿਆਨ ’ਚ ਦੱਸਿਆ ਗਿਆ ਕਿ ਬ੍ਰਿਕਸ (ਬਰਾਜ਼ੀਲ, ਰੂਸ, ਚੀਨ, ਭਾਰਤ, ਦੱਖਣੀ ਅਫ਼ਰੀਕਾ) ਦੀ ਸ਼ੰਘਾਈ ਸਥਿਤ ਐੱਨ.ਡੀ.ਬੀ. ਦੇ ਬੋਰਡ ਵੱਲੋਂ ਦੋਵੇਂ ਕਰਜ਼ਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਮੁੰਬਈ ਮੈਟਰੋ ਰੇਲ-2 ਪ੍ਰਾਜੈਕਟ ਲਈ ਪ੍ਰਵਾਨ 24.1 ਕਰੋੜ ਡਾਲਰ ਦਾ ਕਰਜ਼ ਮੁੰਬਈ ਵਿੱਚ ਲੱਗਪਗ 14.47 ਕਿਲੋਮੀਟਰ ਲੰਬੀ ਮੈਟਰੋ ਰੇਲ ਲਾਈਨ-6 ਬਣਾਉਣ ਲਈ ਵਰਤਿਆ ਜਾਵੇਗਾ। ਇਸ ਨਾਲ ਦੱਖਣੀ ਤੇ ਪੂਰਬੀ ਕਸਬਿਆਂ ਨੂੰ ਜੋੜਿਆ ਜਾਵੇਗਾ।ਦਿੱਲੀ-ਗਾਜ਼ੀਆਬਾਦ-ਮੇਰਠ ਆਰਆਰਟੀਐੱਸ ਪ੍ਰਾਜੈਕਟ ਲਈ ਪ੍ਰਵਾਨ 50 ਕਰੋੜ ਡਾਲਰ ਦੇ ਕਰਜ਼ ਦੀ ਵਰਤੋਂ ਨੈਸ਼ਨਲ ਕੈਪੀਟਲ ਰਿਜਨ ਟਰਾਂਸਪੋਰਟ ਕਾਰਪੋਰੇਸ਼ਨ ਲਿਮਿਟਡ (ਐੱਨਸੀਆਰਟੀਸੀ) ਵੱਲੋਂ ਕੌਮੀ ਰਾਜਧਾਨੀ ਦਿੱਲੀ ਨੂੰ ਉੱਤਰ ਪ੍ਰਦੇਸ਼ ਦੇ ਸ਼ਹਿਰਾਂ ਗਾਜ਼ੀਆਬਾਦ ਅਤੇ ਮੇਰਠ ਨਾਲ ਇੱਕ ਰੇਲ ਕੌਰੀਡੋਰ ਰਾਹੀਂ ਜੋੜਨ ਲਈ ਪ੍ਰਾਜੈਕਟ ’ਤੇ ਕੀਤੀ ਜਾਵੇਗੀ।
-ਪੀਟੀਆਈ