ਬੋਗੋਟਾ, 14 ਅਪਰੈਲ
ਬ੍ਰਾਜ਼ੀਲ ਦੇ ਉੱਤਰੀ-ਪੂਰਬੀ ਸਮੁੰਦਰੀ ਖੇਤਰ ਵਿੱਚ ਮਛੇਰਿਆਂ ਨੂੰ ਇੱਕ ਛੋਟੀ ਕਿਸ਼ਤੀ ਵਿੱਚ ਕਈ ਲਾਸ਼ਾਂ ਮਿਲੀਆਂ ਹਨ। ਇਹ ਜਾਣਕਾਰੀ ਸਥਾਨਕ ਮੀਡੀਆ ਰਿਪੋਰਟਾਂ ਤੋਂ ਮਿਲੀ ਹੈ। ਬ੍ਰਾਜ਼ੀਲ ਦੇ ਅਟਾਰਨੀ ਜਨਰਲ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਇਹ ਪਤਾ ਲਗਾਉਣ ਲਈ ਇੱਕ ਫੋਰੈਂਸਿਕ ਟੀਮ ਨੂੰ ਖੇਤਰ ਵਿੱਚ ਭੇਜਿਆ ਹੈ ਕਿ ਲਾਸ਼ਾਂ ਅਤੇ ਕਿਸ਼ਤੀ ਕਿੱਥੋਂ ਆਈ ਹੈ। ਬਿਆਨ ਮੁਤਾਬਕ, ‘‘ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਲਾਸ਼ਾਂ ਦੀ ਗਿਣਤੀ 20 ਤੱਕ ਹੋ ਸਕਦੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਘਟਨਾ ਦੀ ਜਾਂਚ ਸ਼ੁਰੂ ਕਰ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਟਲਾਂਟਿਕ ਮਹਾਸਾਗਰ ਦੇ ਪੱਛਮੀ ਪਾਸੇ ਦੇ ਮਛੇਰਿਆਂ ਨੇ ਕਿਸ਼ਤੀਆਂ ’ਤੇ ਲਾਸ਼ਾਂ ਦੇਖੀਆਂ ਹਨ। ਸਾਲ 2021 ਵਿੱਚ ਸੱਤ ਕਿਸ਼ਤੀਆਂ ਬ੍ਰਾਜ਼ੀਲ ਅਤੇ ਪੂਰਬੀ ਕੈਰੇਬਿਆਈ ਤੱਟ ’ਤੇ ਪਹੁੰਚੀਆਂ ਸਨ ਜਿਸ ਵਿੱਚ ਕਈ ਲਾਸ਼ਾਂ ਸਨ। ਅਮਰੀਕੀ ਸਮਾਚਾਰ ਏਜੰਸੀ ‘ਐਸੋਸੀਏਟਿਡ ਪ੍ਰੈੱਸ’ ਅਤੇ ਸਥਾਨਕ ਅਧਿਕਾਰੀਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਕਿਸ਼ਤੀਆਂ ਵਿਚ ਅਫਰੀਕੀ ਪਰਵਾਸੀਆਂ ਦੀਆਂ ਲਾਸ਼ਾਂ ਸਨ ਜੋ ਕੈਨਰੀ ਟਾਪੂ ’ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਐਟਲਾਂਟਿਕ ਮਹਾਸਾਗਰ ਵਿਚ ਭਟਕ ਗਏ ਸਨ। -ਏਪੀ