ਵਾਸ਼ਿੰਗਟਨ, 8 ਅਗਸਤ
ਅਮਰੀਕਾ ਦੇ ਬੋਸਟਨ ਸ਼ਹਿਰ ਵਿੱਚ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਵਿੱਚ 32 ਮੁਲਕਾਂ ਤੋਂ ਲੋਕ ਸ਼ਾਮਲ ਹੋਣਗੇ। ਉਂਜ ਸਮਾਗਮ ਦਾ ਮੁੱਖ ਆਕਰਸ਼ਣ ਇੰਡੀਆ ਰੋਡ ’ਤੇ ਕੱਢੀ ਜਾਣ ਵਾਲੀ ਪਰੇਡ ਤੇ 220 ਫੁੱਟ ਅਮਰੀਕਾ-ਭਾਰਤ ਦਾ ਝੰਡਾ ਹੋਵੇਗਾ, ਜੋ ਹਵਾਈ ਜਹਾਜ਼ ਤੋਂ ਇਸ ਪ੍ਰਮੁੱਖ ਅਮਰੀਕੀ ਸ਼ਹਿਰ ’ਤੇ ਲਹਿਰਾਇਆ ਜਾਵੇਗਾ। ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨਜ਼-ਨਿਊ ਇੰਗਲੈਂਡ ਦੇ ਪ੍ਰਧਾਨ ਤੇ ਪਰੇਡ ਦੇ ਪ੍ਰਬੰਧਕ ਅਭਿਸ਼ੇਕ ਸਿੰਘ ਨੇ ਕਿਹਾ ਕਿ ਮੈਸੇਚਿਊਸਟਸ ਵਿੱਚ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਇੰਡੀਆ ਡੇਅ ਵਜੋਂ ਮਨਾਇਆ ਜਾਵੇਗਾ। 14 ਅਗਸਤ ਨੂੰ ਰੋਡ ਆਈਲੈਂਡ ਦੇ ਸਟੇਟ ਹਾਊਸ ਤੇ 15 ਅਗਸਤ ਨੂੰ ਬੋਸਟਨ ਦੀ ਇੰਡੀਆ ਸਟਰੀਟ ਵਿੱਚ ਇਹ ਦਿਹਾੜਾ ਪੂਰੇ ਜਸ਼ਨਾਂ ਨਾਲ ਮਨਾਇਆ ਜਾਵੇਗਾ। -ਪੀਟੀਆਈ