ਲੰਡਨ: ਅਸਤੀਫ਼ਾ ਦੇਣ ਵਾਲੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅੱਜ ਕਿਹਾ ਕਿ ਉਹ ਆਪਣੀ ਪਸੰਦ ਦੇ ਆਗੂ ਬਾਰੇ ਦੱਸ ਕੇ ਨਵੀਂ ਅਗਵਾਈ ਦੀ ਦੌੜ ’ਚ ਬਣੇ ਕਿਸੇ ਵੀ ਉਮੀਦਵਾਰ ਦੀਆਂ ਸੰਭਾਵਨਾਵਾਂ ਨੂੰ ਖਰਾਬ ਨਹੀਂ ਕਰਨਾ ਚਾਹੁੰਦੇ। ਕੰਜ਼ਰਵੇਟਿਵ ਪਾਰਟੀ ਦਾ ਨਵਾਂ ਆਗੂ ਯੂਕੇ ਦੇ ਪ੍ਰਧਾਨ ਮੰਤਰੀ ਵੀ ਬਣੇਗਾ। ਪਿਛਲੇ ਹਫ਼ਤੇ ਨਾਟਕੀ ਢੰਗ ਨਾਲ ਅਸਤੀਫ਼ਾ ਦੇਣ ਵਾਲੇ ਜੌਹਨਸਨ ਨੇ ਅੱਜ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਉਹ 2019 ਦੀਆਂ ਚੋਣਾਂ ਮੌਕੇ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹਨ। ਜ਼ਿਕਰਯੋਗ ਹੈ ਕਿ ਇਸ ਵੇਲੇ 11 ਉਮੀਦਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਹਨ। ਭਾਰਤੀ ਮੂਲ ਦੇ ਰਿਸ਼ੀ ਸੂਨਕ ਦੌੜ ਵਿਚ ਅੱਗੇ ਬਣੇ ਹੋਏ ਹਨ। -ਪੀਟੀਆਈ