ਲੰਡਨ, 19 ਜੁਲਾਈ
ਅਹੁਦਾ ਛੱਡ ਰਹੇ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ (58) ਨੇ ਅੱਜ ਆਪਣੀ ਆਖਰੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕੀਤੀ। ਵਜ਼ਾਰਤੀ ਮੀਟਿੰਗ ਅਜਿਹੇ ਮੌਕੇ ਹੋਈ ਹੈ ਜਦੋਂ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਆਪਣਾ ਨਵਾਂ ਆਗੂ ਚੁਣਨ ਲਈ ਚੌਥੇ ਗੇੜ ਦੇ ਗੁਪਤ ਮਤਦਾਨ ਵਿੱਚ ਆਪਣੀ ਵੋਟ ਪਾਉਣਗੇ। ਉਂਜ ਮੀਟਿੰਗ ਦੌਰਾਨ ਜੌਹਨਸਨ ਨੇ ਆਪਣੀ ਸਰਕਾਰ ਦਾ ਰਿਕਾਰਡ ਠੀਕ ਅਤੇ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਦੀ ਆਪਣੀ ਵਚਨਬੱਧਤਾ ਨੂੰ ਜਾਇਜ਼ ਠਹਿਰਾਇਆ।
ਜੌਹਨਸਨ ਨੇ ਡਾਊਨਿੰਗ ਸਟਰੀਟ ਵਿੱਚ ਆਪਣੇ ਮੰਤਰੀਆਂ ਨੂੰ ਕਿਹਾ, ‘‘ਇਸ ਗੱਲ ’ਤੇ ਕੌਣ ਸ਼ੱਕ-ਸ਼ੁਬ੍ਹਾ ਕਰ ਸਕਦਾ ਹੈ ਕਿ ਅਸੀਂ ਕੁੱਲ ਸਿਫ਼ਰ ਨਿਕਾਸੀ ਦੇ ਟੀਚੇ ਦੀ ਪੂਰਤੀ ਵੱਲ ਵਧਣ ਵਾਲਾ ਪਹਿਲਾ ਪ੍ਰਮੁੱਖ ਅਰਥਚਾਰਾ ਸੀ ਤੇ ਅਸੀਂ ਬਿਲਕੁਲ ਸਹੀ ਸੀ। ਕਈ ਵਾਰ ਅਜਿਹਾ ਕਹਿਣਾ ਬੇਢੰਗਾ ਮੰਨਿਆਂ ਜਾਂਦਾ ਹੈ, ਪਰ ਇਹੀ ਕਰਨਾ ਸਹੀ ਹੈ।’’ ਚੇਤੇ ਰਹੇ ਕਿ ਵਿਰੋਧੀ ਲੇਬਰ ਪਾਰਟੀ ਜੌਹਨਸਨ ’ਤੇ ਦੋਸ਼ ਲਾਉਂਦੀ ਹੈ ਕਿ ਉਨ੍ਹਾਂ ਨੇ ਮੁਲਕ ਵਿੱਚ ਲੂ, ਜੋ ਕੌਮੀ ਐਮਰਜੈਂਸੀ ਬਣ ਗਈ ਹੈ, ਦੇ ਟਾਕਰੇ ਲਈ ਉਪਰਾਲਿਆਂ ’ਤੇ ਚਰਚਾ ਲਈ ਕੈਬਨਿਟ ਆਫਿਸ ਬ੍ਰੀਫਿੰਗ ਰੂਮ ਏ (ਕੋਬਰਾ) ਦੀਆਂ ਤਿੰਨ ਐਮਰਜੈਂਸੀ ਮੀਟਿੰਗਾਂ ’ਚ ਸ਼ਿਰਕਤ ਨਹੀਂ ਕੀਤੀ ਅਤੇ ਸਮੇਂ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਵਜੋਂ ਆਪਣੀ ਜੌਬ ਛੱਡ ਦਿੱਤੀ। ਜੌਹਨਸਨ ਨੇ ਹਾਊਸ ਆਫ ਕਾਮਨਜ਼ ਨੂੰ ਦੱਸਿਆ, ‘‘ਇਸ ਸਰਕਾਰ ਨੂੰ ਆਧੁਨਿਕ ਸਿਆਸੀ ਇਤਿਹਾਸ ਵਿੱਚ ਸਭ ਤੋਂ ਮੁਸ਼ਕਲ ਅੜਿੱਕਿਆਂ ਨੂੰ ਪਾਰ ਕਰਨਾ ਪਿਆ। ਸਾਨੂੰ ਛੋਟੇ-ਵੱਡੇ ਕਈ ਫੈਸਲੇ ਲੈਣੇ ਪਏ ਹਨ ਤੇ ਮੇਰਾ ਮੰਨਣਾ ਹੈ ਕਿ ਸਾਡੇ ਵੱਲੋਂ ਲਏ ਕਈ ਫ਼ੈਸਲੇ ਸਹੀ ਸਨ।’’ ਯੂਕੇ ਵਿੱਚ ਨਿਗਰਾਨ ਪ੍ਰਧਾਨ ਮੰਤਰੀ ਦਾ ਬਦਲ ਲੱਭਣ ਲਈ ਭਾਵੇਂ ਦੌੜ ਜਾਰੀ ਹੈ, ਪਰ ਜੌਹਨਸਨ ਦੇ ਜਾਨਸ਼ੀਨ ਦਾ ਐਲਾਨ 5 ਸਤੰਬਰ ਨੂੰ ਕੀਤਾ ਜਾਵੇਗਾ। ਯੂਕੇ ਦੀ ਸੰਸਦ ਵੀਰਵਾਰ ਤੋਂ ਗਰਮੀ ਦੀਆਂ ਸਾਲਾਨਾ ਛੁੱਟੀਆਂ ਲਈ ਬੰਦ ਹੋ ਜਾਵੇਗੀ, ਪਰ ਸਦਨ ਦੇ ਮੁੜ ਜੁੜਨ ਤੱਕ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਚੁਣਨ ਦਾ ਅਮਲ ਮੁਕੰਮਲ ਹੋ ਜਾਵੇਗਾ। ਸਾਬਕਾ ਚਾਂਸਲਰ ਰਿਸ਼ੀ ਸੂਨਕ, ਜੌਹਨਸਨ ਦਾ ਜਾਨਸ਼ੀਨ ਬਣਨ ਦੀ ਦੌੜ ਵਿੱਚ ਹੋਰਨਾਂ ਉਮੀਦਵਾਰਾਂ ਨਾਲੋਂ ਕਿਤੇ ਅੱਗੇ ਲੰਘ ਚੁੱਕੇ ਹਨ। -ਪੀਟੀਆਈ