ਟ੍ਰਿਬਿਊਨ ਨਿਊਜ਼ ਸਰਵਿਸ
ਟੋਰਾਂਟੋ, 28 ਅਗਸਤ
ਟੋਰਾਂਟੋ ਸਥਿਤ ਵੈਸਟਮੋਰ ਈਟੋਬੀਕੋ ਵਿੱਚ ਐਡਵੋਕੇਟ ਤੇ ਲੇਖਕ ਸਰਬਜੀਤ ਸਿੰਘ ਵਿਰਕ ਦੀ ਪੁਸਤਕ ‘ਲਿਖਤੁਮ ਭਗਤ ਸਿੰਘ: ਸ਼ਹੀਦ-ਏ-ਆਜ਼ਮ ਦੀ ਜੀਵਨ ਕਹਾਣੀ, ਚਿੱਠੀਆਂ ਦੀ ਜ਼ੁਬਾਨੀ’ ਦਾ ਦੂਜਾ ਐਡੀਸ਼ਨ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਹਾਜ਼ਰ ਪਤਵੰਤਿਆਂ ਨੇ ਪੁਸਤਕ ’ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਰਬਜੀਤ ਵਿਰਕ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਸਮੇਂ ਅਨੁਸਾਰ ਇਸ ਪੁਸਤਕ ਦੀ ਢੁਕਵੀਂ ਲੋੜ ਦਾ ਵੀ ਜ਼ਿਕਰ ਕੀਤਾ। ਪੁਸਤਕ ਲੋਕ ਅਰਪਣ ਕਰਨ ਮੌਕੇ ਕਰਵਾਏ ਗਏ ਸੰਖੇਪ ਜਿਹੇ ਸਮਾਗਮ ਵਿੱਚ ਲੇਖਕ ਨਾਲ ਪ੍ਰਸਿੱਧ ਅਰਥਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਜੋਗਿੰਦਰ ਸਿਘ ਤੂਰ, ਕੈਨੇਡਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖ਼ਸ਼ ਸਿੰਘ ਮੱਲ੍ਹੀ, ਸ਼ਹੀਦ ਭਗਤ ਸਿੰਘ ਦੀ ਭੈਣ ਬੀਬੀ ਪ੍ਰਕਾਸ਼ ਕੌਰ ਦੇ ਪੁੱਤਰ ਹਕੂਮਤ ਸਿੰਘ, ਸ਼ਹੀਦ ਭਗਤ ਸਿੰਘ ਦੇ ਭਰਾ ਕੁਲਤਾਰ ਸਿੰਘ ਦੀ ਧੀ ਇੰਦਰਜੀਤ ਕੌਰ, ਸਾਹਿਤਕਾਰ ਪ੍ਰੋ. ਜਾਗੀਰ ਸਿੰਘ ਕਾਹਲੋਂ, ਲੇਖਕ ਤੇ ਪੱਤਰਕਾਰ ਜਸਵੀਰ ਸਿੰਘ ਸ਼ਮੀਲ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।