ਮਨੀਲਾ, 24 ਅਗਸਤ
ਦੱਖਣੀ ਫਿਲਪੀਨਜ਼ ਵਿੱਚ ਅੱਜ ਸ਼ੱਕੀ ਇਸਲਾਮਿਕ ਦਹਿਸ਼ਤਗਰਦਾਂ ਵੱਲੋਂ ਕੀਤੇ ਗਏ ਬੰਬ ਧਮਾਕਿਆਂ ਵਿਚ 15 ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਫੌਜੀ ਜਵਾਨ ਅਤੇ ਆਮ ਨਾਗਰਿਕ ਸ਼ਾਮਲ ਹਨ। ਫੌਜ ਅਤੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਵਿੱਚ ਫੌਜੀ ਜਵਾਨ, ਪੁਲੀਸ ਮੁਲਾਜ਼ਮ ਅਤੇ ਨਾਗਰਿਕ ਵੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਦੀ ਗਿਣਤੀ 75 ਦੇ ਕਰੀਬ ਹੈ। ਇਸਲਾਮਿਕ ਸਟੇਟ ਨਾਲ ਸਬੰਧਤ ਦਹਿਸ਼ਤਗਰਦਾਂ ਨੇ ਪਹਿਲਾਂ ਹੀ ਹਮਲੇ ਦੀ ਚੇਤਾਵਨੀ ਦਿੱਤੀ ਸੀ। ਖੇਤਰੀ ਫੌਜ ਕਮਾਂਡਰ ਲੈਫਟੀਨੈਂਟ ਜਨਰਲ ਕਾਲੇਰਟੋ ਵਿਨਲੁਆਨ ਨੇ ਦੱਸਿਆ ਕਿ ਸੁੱਲੂ ਸੂਬੇ ਦੇ ਜੋਲੋ ਕਸਬੇ ਵਿੱਚ ਹੋਏ ਪਹਿਲੇ ਬੰਬ ਧਮਾਕੇ ਵਿੱਚ ਪੰਜ ਫੌਜੀ ਜਵਾਨ ਅਤੇ 4 ਨਾਗਰਿਕ ਮਾਰੇ ਗਏ। ਦੁਪਹਿਰੇ ਫੌਜ ਦੇ 2 ਟਰੱਕਾਂ ਅਤੇ ਇਕ ਕੰਪਿਊਟਰ ਸਾਪ ਨੇੜੇ ਹੋਇਆ ਇਹ ਹਮਲਾ ਮੋਟਰਸਾਈਕਲ ਵਿੱਚ ਧਮਾਕਾਖੇ਼ਜ ਸਮੱਗਰੀ ਲਗਾ ਕੇ ਕੀਤਾ ਗਿਆ। ਵਿਨਲੁਆਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਾਹਨ ’ਚ ਆਈਈਡੀ ਲਗਾਈ ਗਈ ਸੀ। ਉਧਰ, ਨੇੜੇ ਹੀ ਇਕ ਘੰਟੇ ਦੇ ਮਗਰੋਂ ਦੂਜਾ ਧਮਾਕਾ ਹੋਇਆ। ਇਹ ਧਮਾਕਾ ਮਹਿਲਾ ਫਿਦਾਈਨ ਹਮਲਾਵਰ ਵੱਲੋਂ ਕੀਤਾ ਗਿਆ। ਇਸ ਵਿੱਚ ਹਮਲਾਵਰ ਅਤੇ ਇਕ ਫੌਜੀ ਜਵਾਨ ਦੀ ਮੌਤ ਹੋ ਗਈ ਤੇ ਕੁਝ ਵਿਅਕਤੀ ਜ਼ਖ਼ਮੀ ਹੋਏ। ਇਲਾਕੇ ਵਿੱਚ ਸੁਰੱਖਿਆ ਲਈ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਬਾਜ਼ਾਰ ਵਿਚੋਂ ਇਕ ਬੰਬ ਵੀ ਮਿਲਿਆ ਹੈ। ਸੁਰੱਖਿਆ ਬਲਾਂ ਅਤੇ ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਇਹ ਹਮਲਾ ਇਸ ਵਰ੍ਹੇ ਦਾ ਸਭ ਤੋਂ ਭਿਆਨਕ ਹਮਲਾ ਹੈ। ਰਾਸ਼ਟਰਪਤੀ ਦੇ ਬੁਲਾਰੇ ਹੇਰੀ ਰੋਕਯੂ ਨੇ ਹਮਲੇ ਦੀ ਨਿਖੇਧੀ ਕੀਤੀ ਹੈ। ਕਿਸੇ ਵੀ ਅਤਿਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਫੌਜ ਨੇ ਇਸ ਪਿੱਛੇ ਅਬੁੂ ਸਿਆਫ਼ ਕਮਾਂਡਰ ਮੁੰਡੀ ਸਵਦਜਾਨ ਦਾ ਹੱਥ ਦੱਸਿਆ ਹੈ।-ਏਜੰਸੀ