ਟੋਰਾਂਟੋ, 6 ਜੁਲਾਈ
ਕਾਲੀ ਪੋਸਟਰ ਵਿਵਾਦ ਭਖਣ ਮਗਰੋਂ ਆਗਾ ਖ਼ਾਨ ਮਿਊਜ਼ੀਅਮ ਨੇ ਕਿਹਾ ਹੈ ਕਿ ਹਿੰਦੂ ਅਤੇ ਹੋਰ ਫਿਰਕਿਆਂ ਦੇ ਲੋਕਾਂ ਨੂੰ ਠੇਸ ਪਹੁੰਚਾਉਣ ਦਾ ਉਨ੍ਹਾਂ ਨੂੰ ਦੁੱਖ ਹੈ ਅਤੇ ਉਨ੍ਹਾਂ ਦਸਤਾਵੇਜ਼ੀ ‘ਕਾਲੀ’ ਦੀ ਪੇਸ਼ਕਾਰੀ ਨੂੰ ਹਟਾ ਲਿਆ ਹੈ। ਓਟਵਾ ’ਚ ਭਾਰਤੀ ਮਿਸ਼ਨ ਵੱਲੋਂ ਕੈਨੇਡੀਅਨ ਅਧਿਕਾਰੀਆਂ ਨੂੰ ਵਿਵਾਦਤ ਫਿਲਮ ਨਾਲ ਸਬੰਧਤ ‘ਭੜਕਾਊ ਸਮੱਗਰੀ’ ਹਟਾਉਣ ਦੀ ਅਪੀਲ ਮਗਰੋਂ ਇਹ ਕਦਮ ਉਠਾਇਆ ਗਿਆ ਹੈ।
ਟੋਰਾਂਟੋ ਆਧਾਰਿਤ ਫਿਲਮਸਾਜ਼ ਲੀਨਾ ਮਣੀਮੇਕਾਲਾਈ ਨੇ ਸ਼ਨਿਚਰਵਾਰ ਨੂੰ ਆਪਣੀ ‘ਦਸਤਾਵੇਜ਼ੀ ਕਾਲੀ’ ਦਾ ਪੋਸਟਰ ਸਾਂਝਾ ਕੀਤਾ ਸੀ ਜਿਸ ’ਚ ਦੇਵੀ ਨੂੰ ਸਿਗਰਟਨੋਸ਼ੀ ਕਰਦਿਆਂ ਦਿਖਾਇਆ ਗਿਆ ਸੀ ਅਤੇ ਉਨ੍ਹਾਂ ਦੇ ਹੱਥਾਂ ’ਚ ਸਮਲਿੰਗੀ (ਐੱਲਜੀਬੀਟੀਕਿਊ) ਭਾਈਚਾਰੇ ਦਾ ਝੰਡਾ ਸੀ। ਪੋਸਟਰ ਜਾਰੀ ਹੋਣ ਮਗਰੋਂ ਸੋਸ਼ਲ ਮੀਡੀਆ ’ਤੇ ਮੰਗ ਕੀਤੀ ਜਾਣ ਲੱਗ ਪਈ ਸੀ ਕਿ ਲੀਨਾ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ‘ਗਊ ਮਹਾਸਭਾ’ ਨਾਮ ਦੀ ਜਥੇਬੰਦੀ ਦੇ ਇਕ ਮੈਂਬਰ ਨੇ ਦਿੱਲੀ ਪੁਲੀਸ ਕੋਲ ਇਸ ਬਾਰੇ ਸ਼ਿਕਾਇਤ ਵੀ ਦਰਜ ਕਰਵਾਈ ਹੈ। ਆਗਾ ਖ਼ਾਨ ਮਿਊਜ਼ੀਅਮ ਨੇ ਬਿਆਨ ’ਚ ਕਿਹਾ ਕਿ ਟੋਰਾਂਟੋ ਮੈਟਰੋਪਾਲਿਟਨ ਯੂਨੀਵਰਸਿਟੀ ਨੇ ਵੱਖ ਵੱਖ ਫਿਰਕਿਆਂ ਅਤੇ ਸੱਭਿਆਚਾਰਕ ਪਿਛੋਕੜ ਦੇ ਵਿਦਿਆਰਥੀਆਂ ਦੇ ਕੰਮਾਂ ਨੂੰ ‘ਅੰਡਰ ਦਿ ਟੈਂਟ’ ਪ੍ਰਾਜੈਕਟ ਤਹਿਤ ਇਕੱਠਾ ਕੀਤਾ ਸੀ।
ਬਿਆਨ ’ਚ ਕਿਹਾ ਗਿਆ ਕਿ ਵੱਖ ਵੱਖ ਧਰਮਾਂ ਦੇ ਪ੍ਰਗਟਾਵੇ ਅਤੇ ਆਸਥਾ ਦਾ ਸਨਮਾਨ ਉਸ ਦੇ ਮਿਸ਼ਨ ਦਾ ਅਨਿੱਖੜਵਾਂ ਹਿੱਸਾ ਹੈ ਅਤੇ ਪੇਸ਼ਕਾਰੀ ਹੁਣ ਮਿਊਜ਼ੀਅਮ ’ਚ ਨਹੀਂ ਦਿਖਾਈ ਜਾ ਰਹੀ ਹੈ। -ਪੀਟੀਆਈ