ਇਸਲਾਮਾਬਾਦ, 27 ਅਪਰੈਲ
ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੌਜਵਾਨ ਆਗੂ ਬਿਲਾਵਲ ਭੁੱਟੋ ਜ਼ਰਦਾਰੀ (33) ਨੇ ਅੱਜ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਜੋਂ ਹਲਫ਼ ਲਿਆ। ਬਿਲਾਵਲ ਦੀ ਨਿਯੁਕਤੀ ਨਾਲ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਨਵੀਂ ਸਰਕਾਰ ਵਿੱਚ ਪੀਪੀਪੀ ਆਗੂ ਦੀ ਭੂਮਿਕਾ ਨੂੰ ਲੈ ਕੇ ਲਾਏ ਜਾ ਰਹੇ ਕਿਆਸਾਂ ਦਾ ਭੋਗ ਪੈ ਗਿਆ ਹੈ। ਰਾਸ਼ਟਰਪਤੀ ਆਰਿਫ਼ ਅਲਵੀ ਨੇ ਬਿਲਾਵਲ ਨੂੰ ਐਵਾਨ-ਏ-ਸਦਰ (ਰਾਸ਼ਟਰਪਤੀ ਭਵਨ) ਵਿੱਚ ਰੱਖੇ ਸਾਦਾ ਸਮਾਗਮ ਦੌਰਾਨ ਅਹੁਦੇ ਦਾ ਹਲਫ਼ ਦਿਵਾਇਆ।
ਇਸ ਮੌਕੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਦੇਸ਼ ਦੇ ਸਾਬਕਾ ਸਦਰ ਆਸਿਫ਼ ਅਲੀ ਜ਼ਰਦਾਰੀ ਤੇ ਹੋਰ ਅਧਿਕਾਰੀਆਂ ਸਮੇਤ ਪੀਪੀਪੀ ਦੇ ਆਗੂ ਮੌਜੂਦ ਸਨ। ਉਂਜ ਇਹ ਪਹਿਲੀ ਵਾਰ ਹੈ ਜਦੋਂ ਬਿਲਾਵਲ ਨੂੰ ਸਰਕਾਰ ਵਿੱਚ ਅਹਿਮ ਅਹੁਦਾ ਤੇ ਦੇਸ਼ ਦੇ ਵਿਦੇਸ਼ ਮੰਤਰੀ ਦਾ ਅਹਿਮ ਵਜ਼ਾਰਤੀ ਮਹਿਕਮਾ ਦਿੱਤਾ ਗਿਆ ਹੈ। ਬਿਲਾਵਲ ਸਾਲ 2018 ਵਿਚ ਪਹਿਲੀ ਵਾਰ ਕੌਮੀ ਅਸੈਂਬਲੀ ਲਈ ਚੁਣਿਆ ਗਿਆ ਸੀ। ਬਿਲਾਵਲ ਤਿੰਨ ਵਾਰ ਮੁਲਕ ਦੀ ਵਜ਼ੀਰੇ ਆਜ਼ਮ ਰਹੀ ਮਰਹੂਮ ਬੇਨਜ਼ੀਰ ਭੁੱਟੋ ਤੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦਾ ਪੁੱਤਰ ਹੈ। ਬਿਲਾਵਲ ਨੂੰ ਅਜਿਹੇ ਮੌਕੇ ਵਿਦੇਸ਼ ਮੰਤਰਾਲੇ ਦੀ ਕਮਾਨ ਸੌਂਪੀ ਗਈ ਹੈ ਜਦੋਂ ਪਾਕਿਸਤਾਨ ਨੂੰ ਇਸ ਮੁਸ਼ਕਲ ਘੜੀ ਵਿੱਚ ਵਿਦੇਸ਼ ਨੀਤੀ ਨੂੰ ਲੈ ਕੇ ਸਥਿਰ ਹੱਥਾਂ ਦੀ ਲੋੜ ਹੈ। ਵਿਦੇਸ਼ ਮੰਤਰੀ ਵਜੋਂ ਬਿਲਾਵਲ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਵਿਦੇਸ਼ੀ ਸਾਜ਼ਿਸ਼ ਦੇ ਲਾਏ ਜਾ ਰਹੇ ਦੋਸ਼ਾਂ ਦਰਮਿਆਨ ਅਮਰੀਕਾ ਨਾਲ ਰਿਸ਼ਤਿਆਂ ’ਚ ਕਸ਼ੀਦਗੀ ਨੂੰ ਖ਼ਤਮ ਕਰਨ ਜਿਹੀਆਂ ਅਹਿਮ ਚੁਣੌਤੀਆਂ ਦਰਪੇਸ਼ ਰਹਿਣਗੀਆਂ। ਪੀਪੀਪੀ ਆਗੂ ਨੂੰ ਗੁਆਂਢੀ ਮੁਲਕ ਭਾਰਤ ਨਾਲ ਬੰਦ ਪਏ ਸੰਵਾਦ ਦੇ ਅਮਲ ਨੂੰ ਮੁੜ ਸ਼ੁਰੂ ਕਰਨ ਲਈ ਵੀ ਰਾਹ ਤਲਾਸ਼ਣੇ ਹੋਣਗੇ। ਬਿਲਾਵਲ ਨੇ ਅਜੇ ਪਿਛਲੇ ਹਫ਼ਤੇ ਲੰਡਨ ਵਿੱਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਸੁਪਰੀਮੋ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਕਰਕੇ ਪਾਕਿਸਤਾਨ ਦੇ ਸਿਆਸੀ ਹਾਲਾਤ ਬਾਰੇ ਵਿਚਾਰ ਚਰਚਾ ਕੀਤੀ ਸੀ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਮੌਜੂਦਾ ਗੱਠਜੋੜ ਸਰਕਾਰ ਵਿੱਚ ਪੀਪੀਪੀ ਦੂਜੀ ਸਭ ਤੋਂ ਵੱਡੀ ਪਾਰਟੀ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਪੀਐੱਮਐੱਲ-ਐਨ ਦੇ ਪ੍ਰਧਾਨ ਹਨ। -ਪੀਟੀਆਈ