ਇਸਲਾਮਾਬਾਦ, 10 ਅਪਰੈਲ
ਬਿਲਾਵਲ ਭੁੱਟੋ ਜ਼ਰਦਾਰੀ (33) ਨੂੰ ਨਵੀਂ ਸਰਕਾਰ ਵਿੱਚ ਪਾਕਿਸਤਾਨ ਦਾ ਅਗਲਾ ਵਿਦੇਸ਼ ਮੰਤਰੀ ਥਾਪੇ ਜਾਣ ਦੇ ਆਸਾਰ ਹਨ। ਜੀਓ ਨਿਊਜ਼ ਨੇ ਆਪਣੀ ਇਕ ਰਿਪੋਰਟ ਵਿੱਚ ਕਿਹਾ, ‘‘ਕਿਆਸਾਂ ਮੁਤਾਬਕ ਪੀਪਲਜ਼ ਪਾਰਟੀ ਆਫ਼ ਪਾਕਿਸਤਾਨ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਵਿਦੇਸ਼ ਮੰਤਰੀ ਨਿਯੁਕਤ ਕੀਤਾ ਜਾ ਸਕਦਾ ਹੈ।’’ ਆਕਸਫੋਰਡ ਤੋਂ ਪੜ੍ਹੇ ਬਿਲਾਵਲ ਨੇ ‘ਦਿ ਇੰਡੀਪੈਂਡੈਂਟ ਉਰਦੂ’ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਪਾਰਟੀ ਵਿਦੇਸ਼ ਮੰਤਰੀ ਵਜੋਂ ਉਨ੍ਹਾਂ ਦੀ ਨਿਯੁਕਤੀ ਬਾਰੇ ਫੈਸਲਾ ਕਰੇਗੀ। ਬਿਲਾਵਲ ਭੁੱਟੋ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਬੇਨਜ਼ੀਰ ਭੁੱਟੋ ਤੇ ਸਾਬਕਾ ਸਦਰ ਆਸਿਫ ਅਲੀ ਜ਼ਰਦਾਰੀ ਦਾ ਪੁੱਤਰ ਤੇ ਮੁਲਕ ਦੇ ਸਾਬਕਾ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦਾ ਦੋਹਤਾ ਹੈ।
ਬੇਵਿਸਾਹੀ ਮਤੇ ਰਾਹੀਂ ਇਮਰਾਨ ਖ਼ਾਨ ਦੀ ਸਿਆਸੀ ਪਾਰੀ ਖ਼ਤਮ ਕੀਤੇ ਜਾਣ ਦੇ ਇਕ ਦਿਨ ਮਗਰੋਂ ਬਿਲਾਵਲ ਨੇ ਸਾਬਕਾ ਕ੍ਰਿਕਟਰ ’ਤੇ ਚੁਟਕੀ ਲੈਂਦਿਆਂ ਕਿਹਾ ਕਿ ‘ਅਸੀਂ ਉਨ੍ਹਾਂ ਦਾ ਪੁਰਾਣੇ ਪਾਕਿਸਤਾਨ ਵਿੱਚ ਸਵਾਗਤ ਕਰਦੇ ਹਾਂ।’ ਇਮਰਾਨ ਨੇ ਸਾਲ 2018 ਵਿੱਚ ਸੱਤਾ ’ਚ ਆਉਣ ਮੌਕੇ ‘ਨਯਾ ਪਾਕਿਸਤਾਨ’ ਸਿਰਜਣ ਦਾ ਵਾਅਦਾ ਕੀਤਾ ਸੀ। ਬਿਲਾਵਲ ਨੇ ਕਿਹਾ, ‘‘ਮੈਂ ਪੂਰੇ ਮੁਲਕ ਤੇ ਇਸ ਸਦਨ ਨੂੰ ਮੁਬਾਰਕਬਾਦ ਦੇਣਾ ਚਾਹਾਂਗਾ। ਮੁਲਕ ਦੇ ਇਤਿਹਾਸ ਵਿੱਚ ਪਹਿਲੀ ਵਾਰ ਬੇਭਰੋਸਗੀ ਮਤਾ ਸਫ਼ਲ ਰਿਹਾ ਤੇ ਅਸੀਂ ਇਤਿਹਾਸ ਸਿਰਜ ਦਿੱਤਾ।’’ ਪੀਪੀਪੀ ਚੇਅਰਮੈਨ ਨੇ ਇਸ ਮੌਕੇ 10 ਅਪਰੈਲ ਦੀ ਮਹੱਤਤਾ ਨੂੰ ਯਾਦ ਕੀਤਾ ਤੇੇ ਕਿਹਾ ਕਿ ਸਾਲ 1973 ਵਿੱਚ ਅੱਜ ਦੇ ਦਿਨ ਮੁਲਕ ਨੇ ਸੰਵਿਧਾਨ ਨੂੰ ਮਾਨਤਾ ਦਿੱਤੀ ਸੀ। -ਪੀਟੀਆਈ