ਵਾਸ਼ਿੰਗਟਨ, 1 ਜੁਲਾਈ
ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਰਜਕਾਲ ਦੇ ਨੇਮਾਂ ਨੂੰ ਬਦਲਣ ਲਈ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਅੱਜ ਤਿੰਨ ਬਿੱਲਾਂ ’ਤੇ ਹਸਤਾਖ਼ਰ ਕੀਤੇ ਗਏ। ਇਸ ਨਾਲ ਵਿਆਜ ’ਤੇ ਪੈਸਾ ਦੇਣ ਵਾਲਿਆਂ ਉੱਪਰ ਵਿਆਜ ਦਰ ਸੀਮਾ ਨਿਰਧਾਰਤ ਕੀਤੇ ਜਾਣ, ਤੇਲ ਤੇ ਗੈਸ ਡ੍ਰਿਲਿੰਗ ਤੋਂ ਗਰੀਨ ਹਾਊਸ ਗੈਸ ਨਿਕਾਸੀ ਰੋਕਣ ਅਤੇ ਸਮਾਨ ਰੁਜ਼ਗਾਰ ਮੌਕਿਆਂ ਸਬੰਧੀ ਕਮਿਸ਼ਨ ਵੱਲੋਂ ਦਾਅਵਿਆਂ ਦੇ ਨਿਪਟਾਰੇ ਸਬੰਧੀ ਨੇਮਾਂ ਨੂੰ ਖ਼ਤਮ ਕਰਨ ਵਰਗੇ ਕਾਨੂੰਨਾਂ ਵਿਚ ਆਉਂਦੇ ਅੜਿੱਕੇ ਦੂਰ ਹੋ ਜਾਣਗੇ।
ਬਾਇਡਨ ਨੇ ਬਿੱਲਾਂ ’ਤੇ ਹਸਤਾਖ਼ਰ ਕਰਨ ਤੋਂ ਪਹਿਲਾਂ ਕਿਹਾ, ‘‘ਇਨ੍ਹਾਂ ਵਿਚੋਂ ਹਰੇਕ ਕਾਨੂੰਨ ਆਮ ਸਮਝ ਅਤੇ ਆਮ ਭਲਾਈ ਲਈ ਵਚਨਬੱਧਤਾ ਨੂੰ ਦਰਸਾਉਂਦਾ ਹੈ।’’ ਇਸ ਮੌਕੇ ਉਨ੍ਹਾਂ ਨੂੰ ਕਾਂਗਰਸ ਦੇ ਆਗੂਆਂ ਨੇ ਘੇਰਿਆ ਹੋਇਆ ਸੀ। ਇਹ ਆਗੂ ਉਸ ਵੇਲੇ ਉੱਥੇ ਪਹੁੰਚੇ ਜਦੋਂ ਬਾਇਡਨ ਨੇ ਹਸਤਾਖ਼ਰ ਕਰ ਕੇ ਬਿੱਲਾਂ ਨੂੰ ਕਾਨੂੰਨਾਂ ’ਚ ਤਬਦੀਲ ਕੀਤਾ।
ਟਰੰਪ ਦੇ ਕਾਰਜਕਾਲ ਅਧੀਨ ਕਰੰਸੀ ਕੰਪਟਰੋਲਰ ਦਫ਼ਤਰ ਵੱਲੋਂ ਵਿਆਜ ’ਤੇ ਪੈਸਾ ਦੇਣ ਵਾਲਿਆਂ ਨੂੰ ਸਰਕਾਰੀ ਨੇਮਾਂ ਦੇ ਉਲਟ ਵਾਧੂ ਵਿਆਜ ਵਸੂਲਣ ਦੀ ਖੁੱਲ੍ਹ ਦਿੱਤੀ ਹੋਈ ਸੀ। ਟਰੰਪ ਪ੍ਰਸ਼ਾਸਨ ਵੱਲੋਂ ਜ਼ਹਿਰੀਲੀਆਂ ਗੈਸਾਂ ਦੀ ਨਿਕਾਸੀ ਸਬੰਧੀ ਨੇਮਾਂ ਵਿਚ ਵੀ ਢਿੱਲ ਦਿੱਤੀ ਹੋਈ ਸੀ। ਇਸ ਤੋਂ ਇਲਾਵਾ ਬਾਇਡਨ ਪ੍ਰਸ਼ਾਸਨ ਨੇ ਇਕ ਬਿਆਨ ਵਿਚ ਕਿਹਾ ਕਿ ਸਮਾਨ ਰੁਜ਼ਗਾਰ ਦੇ ਮੌਕਿਆਂ ਸਬੰਧੀ ਕਮਿਸ਼ਨ ਦੀ ਦਾਅਵਿਆਂ ਦੇ ਨਿਪਟਾਰੇ ਸਬੰਧੀ ਪ੍ਰਕਿਰਿਆ ਨੌਕਰੀ ਦੇਣ ਵਾਲਿਆਂ ਦੇ ਹੱਕ ਵਿਚ ਸੀ।
-ਏਪੀ