ਵਾਸ਼ਿੰਗਟਨ, 1 ਸਤੰਬਰ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਮੁਲਕ ਦੀਆਂ ਫੌਜਾਂ ਨੂੰ ਅਫ਼ਗ਼ਾਨਿਸਤਾਨ ’ਚੋਂ ਵਾਪਸ ਸੱਦਣ ਦੇ ਆਪਣੇ ਫੈਸਲੇ ਦੀ ਮੁੜ ਵਕਾਲਤ ਕੀਤੀ ਹੈ। ਅਮਰੀਕੀ ਸਦਰ ਨੇ ਕਿਹਾ ਕਿ ਉਨ੍ਹਾਂ ਦਾ ਇਹ ਫੈਸਲਾ ‘ਸਭ ਤੋਂ ਚੰਗਾ’ ਤੇ ‘ਸਹੀ’ ਸੀ। ਵ੍ਹਾਈਟ ਹਾਊਸ ਤੋਂ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿੱਚ ਬਾਇਡਨ ਨੇ ਕਿਹਾ ਉਸ ਜੰਗ ਵਿੱਚ ਬਣੇ ਰਹਿਣ ਦੀ ਕੋਈ ਤੁੱਕ ਨਜ਼ਰ ਨਹੀਂ ਆਉਂਦੀ, ਜੋ ਅਮਰੀਕੀ ਲੋਕਾਂ ਦੇ ‘ਅਹਿਮ ਕੌਮੀ ਹਿੱਤ’ ਵਿੱਚ ਨਾ ਹੋਵੇ।
ਬਾਇਡਨ ਨੇ ਕਿਹਾ, ‘‘ਮੇਰੇ ਸਾਥੀ ਅਮਰੀਕੀਓ ਅਫ਼ਗ਼ਾਨਿਸਤਾਨ ਵਿੱਚ ਜੰਗ ਹੁਣ ਖ਼ਤਮ ਹੋ ਗਈ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾਂ ਹਾਂ…ਮੈਂ ਇਹ ਗੱਲ ਦਿਲੋਂ ਮੰਨਦਾ ਹਾਂ ਕਿ ਇਹ ਸਹੀ ਫੈਸਲਾ ਸੀ, ਅਕਲਮੰਦੀ ਵਾਲਾ ਫੈਸਲਾ ਸੀ ਤੇ ਅਮਰੀਕੀਆਂ ਲਈ ਸਭ ਤੋਂ ਸ੍ਰੇਸ਼ਠ ਫੈਸਲਾ ਸੀ।’’ ਬਾਇਡਨ ਨੇ ਰਾਸ਼ਟਰ ਨੂੰ ਅਜਿਹੇ ਮੌਕੇ ਸੰਬੋਧਨ ਕੀਤਾ ਹੈ ਜਦੋਂਕਿ 11 ਸਤੰਬਰ 2001 ਦੇ ਦਹਿਸ਼ਤੀ ਹਮਲਿਆਂ ਦੀ 20ਵੀਂ ਬਰਸੀ ਅਗਲੇ ਦਿਨਾਂ ਵਿੱਚ ਆਉਣ ਵਾਲੀ ਹੈ। ਅਮਰੀਕਾ ਦੇ ਸੀ-17 ਮਾਲਵਾਹਕ ਜਹਾਜ਼ ਨੇ ਅਮਰੀਕੀ ਸੁਰੱਖਿਆ ਬਲਾਂ ਨੂੰ ਲੈ ਕੇ ਕਾਬੁਲ ਦੇ ਹਾਮਿਦ ਕਰਜ਼ਾਈ ਕੌਮਾਂਤਰੀ ਹਵਾਈ ਅੱਡੇ ਤੋਂ ਮੰਗਲਵਾਰ ਤੜਕੇ ਉਡਾਣ ਭਰੀ ਸੀ। ਇਸ ਉਡਾਣ ਨਾਲ ਅਮਰੀਕਾ ਦੀ ਅਫ਼ਗ਼ਾਨਿਸਤਾਨ ਵਿੱਚ ਫੌਜੀ ਮੁਹਿੰਮ ਖ਼ਤਮ ਹੋ ਗਈ ਹੈ। ਤਾਲਿਬਾਨ, ਜੋ 9/11 ਹਮਲਿਆਂ ਤੋਂ ਕੁਝ ਦੇਰ ਮਗਰੋਂ ਸੱਤਾ ’ਚੋਂ ਬਾਹਰ ਹੋ ਗਏ ਸਨ, ਨੇ ਮੁੜ ਅਫ਼ਗ਼ਾਨਿਸਤਾਨ ਨੂੰ ਆਪਣੇ ਅਧੀਨ ਲੈ ਲਿਆ ਹੈ। ਬਾਇਡਨ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਵਿੱਚ ਅਸਲ ਚੋਣ ‘ਫ਼ੌਜ ਨੂੰ ਉਥੋਂ ਕੱਢਣ ਤੇ ਫੌਜੀ ਨਫ਼ਰੀ ਵਧਾਉਣ’ ਵਿਚਾਲੇ ਸੀ। ਅਮਰੀਕੀ ਸਦਰ ਨੇ ਕਿਹਾ, ‘‘ਮੈਂ ਇਸ ਜੰਗ ਨੂੰ ਹਮੇਸ਼ਾ ਲਈ ਚੱਲਣ ਨਹੀਂ ਦੇ ਸਕਦਾ। ਅਸੀਂ ਇਕ ਦਹਾਕੇ ਦੌਰਾਨ ਅਫ਼ਗ਼ਾਨਿਸਤਾਨ ਲਈ ਜੋ ਟੀਚਾ ਰੱਖਿਆ ਸੀ, ਉਸ ਵਿੱਚ ਸਫ਼ਲ ਰਹੇ ਹਾਂ। ਤੇ ਅਸੀਂ ਉਥੇ ਇਕ ਦਹਾਕਾ ਹੋਰ ਰਹੇ, ਪਰ ਹੁਣ ਇਸ ਜੰਗ ਨੂੰ ਖ਼ਤਮ ਕਰਨ ਦਾ ਸਮਾਂ ਸੀ। ਇਹ ਸਿਰਫ਼ ਅਫ਼ਗ਼ਾਨਿਸਤਾਨ ਬਾਰੇ ਫੈਸਲਾ ਨਹੀਂ ਸੀ। ਇਹ ਇਕ ਵੱਡੇ ਫੌਜੀ ਅਪਰੇਸ਼ਨ ਦੇ ਯੁੱਗ ਨੂੰ ਖ਼ਤਮ ਕਰਨ ਬਾਰੇ ਸੀ ਤਾਂ ਕਿ ਹੋਰਨਾਂ ਮੁਲਕਾਂ ਨੂੰ ਮੁੜ ਪੈਰਾਂ ਸਿਰ ਕੀਤਾ ਜਾ ਸਕੇ।’’ ਬਾਇਡਨ ਨੇ ਕਿਹਾ ਕਿ ਉਹ ਚੌਥੇ ਰਾਸ਼ਟਰਪਤੀ ਸਨ, ਜਿਨ੍ਹਾਂ ’ਤੇ ਇਸ ਜੰਗ ਨੂੰ ਖ਼ਤਮ ਕਰਨ ਜਾਂ ਫਿਰ ਜਾਰੀ ਰੱਖਣ ਸਬੰਧੀ ਫੈਸਲੇ ਦੀ ਤਲਵਾਰ ਲਟਕ ਰਹੀ ਸੀ। -ਪੀਟੀਆਈ