ਵਾਸ਼ਿੰਗਟਨ, 10 ਜੂਨ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਟਿਕਟੌਕ, ਵੀਚੈਟ ਅਤੇ ਅੱਠ ਹੋਰ ਐਪਸ ਤੋਂ ਰੋਕ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਐਪਸ ’ਤੇ ਰੋਕਾਂ ਵਾਲੇ ਹੁਕਮਾਂ ਉਪਰ ਤਤਕਾਲੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਸਤਖ਼ਤ ਕੀਤੇ ਸਨ। ਵ੍ਹਾਈਟ ਹਾਊਸ ਮੁਤਾਬਕ ਬਾਇਡਨ ਵੱਲੋਂ ਜਾਰੀ ਨਵੇਂ ਹੁਕਮਾਂ ’ਚ ਵਣਜ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਐਪਸ ਦਾ ਅਧਿਐਨ ਕਰਕੇ ਉਨ੍ਹਾਂ ਦੇ ਅਮਰੀਕਾ ’ਤੇ ਪੈਣ ਵਾਲੇ ਅਸਰ ਬਾਰੇ ਢੁੱਕਵੀਂ ਕਾਰਵਾਈ ਕਰਨ। ਹੁਕਮਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਵਿਭਾਗ ਅਮਰੀਕੀਆਂ ਦੇ ਨਿੱਜੀ ਡੇਟਾ ਦੀ ਸੁਰੱਖਿਆ ਬਾਰੇ ਰਿਪੋਰਟ ਦਾ ਖਰੜਾ ਤਿਆਰ ਕਰੇ। ਟਰੰਪ ਨੇ ਕੌਮੀ ਸੁਰੱਖਿਆ ਨੂੰ ਖ਼ਤਰੇ ਦਾ ਹਵਾਲਾ ਦੇ ਕੇ ਨਵੇਂ ਵਰਤੋਂਕਾਰਾਂ ਨੂੰ ਟਿਕਟੌਕ ਅਤੇ ਵੀਚੈਟ ਡਾਊਨਲੋਡ ਕਰਨ ’ਤੇ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ ਸਨ ਪਰ ਉਸ ਦੇ ਹੁਕਮਾਂ ’ਤੇ ਸੰਘੀ ਜ਼ਿਲ੍ਹਾ ਅਦਾਲਤਾਂ ਨੇ ਰੋਕ ਲਗਾ ਦਿੱਤੀ ਸੀ ਜਿਸ ਕਾਰਨ ਇਹ ਹੁਕਮ ਲਾਗੂ ਨਹੀਂ ਹੋਏ ਸਨ। ਅਮਰੀਕਨ ਸਿਵਲ ਲਬਿਰਟੀਜ਼ ਯੂਨੀਅਨ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਬਾਇਡਨ ਨੇ ਟਰੰਪ ਸਰਕਾਰ ਦੇ ਕਾਰਜਕਾਰੀ ਹੁਕਮਾਂ ਨੂੰ ਰੱਦ ਕਰਕੇ ਸਹੀ ਕਦਮ ਉਠਾਇਆ ਹੈ ਜੋ ਇਨ੍ਹਾਂ ਐਪਸ ਦੇ ਵਰਤੋਂਕਾਰਾਂ ਦੇ ਹੱਕਾਂ ਦੀ ਉਲੰਘਣਾ ਸੀ। -ਆਈਏਐਨਐਸ
ਬਾਇਡਨ ਨੇ ਸਹੀ ਦਿਸ਼ਾ ’ਚ ਸਾਕਾਰਾਤਮਕ ਕਦਮ ਉਠਾਇਆ: ਚੀਨ
ਪੇਈਚਿੰਗ: ਚੀਨ ਨੇ ਟਰੰਪ ਸਰਕਾਰ ਦੇ ਟਿਕਟੌਕ ਅਤੇ ਵੀਚੈਟ ਐਪਸ ਖ਼ਿਲਾਫ਼ ਜਾਰੀ ਕਾਰਜਕਾਰੀ ਹੁਕਮਾਂ ਨੂੰ ਜੋਅ ਬਾਇਡਨ ਵੱਲੋਂ ਰੱਦ ਕਰਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਹ ਸਹੀ ਦਿਸ਼ਾ ’ਚ ‘ਸਕਾਰਾਤਮਕ ਕਦਮ’ ਹੈ। ਵਣਜ ਮੰਤਰਾਲੇ ਦੇ ਤਰਜਮਾਨ ਗਾਓ ਫੇਂਗ ਨੇ ਕਿਹਾ ਕਿ ਅਮਰੀਕਾ ਨੂੰ ਚੀਨੀ ਕੰਪਨੀਆਂ ਨਾਲ ਬਰਾਬਰੀ ਦਾ ਵਤੀਰਾ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਪਾਰਕ ਮੁੱਦਿਆਂ ਦੇ ਸਿਆਸੀਕਰਨ ਤੋਂ ਗੁਰੇਜ਼ ਕਰੇ। ਅਮਰੀਕਾ ਦੇ ਇਸ ਫ਼ੈਸਲੇ ਨਾਲ ਚੀਨ ਨੂੰ ਰਾਹਤ ਮਿਲੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਾਂਗ ਵੇਨਬਿਨ ਨੇ ਕਿਹਾ ਕਿ ਅਮਰੀਕਾ ਨੂੰ ਚੀਨੀ ਕੰਪਨੀਆਂ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਅਤੇ ਉਹ ਮੰਡੀ ਦੇ ਸਿਧਾਂਤਾਂ ਦਾ ਪਾਲਣ ਕਰੇ। -ਪੀਟੀਆਈ