ਵਾਸ਼ਿੰਗਟਨ, 20 ਜਨਵਰੀ
ਜੋਅ ਬਾਇਡਨ ਨੇ ਬੁੱਧਵਾਰ ਨੂੰ ਇੱਕ ਇਤਿਹਾਸਕ ਸਮਾਗਮ ਦੌਰਾਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ, ਜਦੋਂਕਿ ਕਮਲਾ ਹੈਰਿਸ ਨੇ 49ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ। 58 ਸਾਲਾ ਕਮਲਾ ਹੈਰਿਸ ਇਸ ਅਹੁਦੇ ’ਤੇ ਪਹੁੰਚਣ ਵਾਲੀ ਪਹਿਲੀ ਮਹਿਲਾ, ਪਹਿਲੀ ਅਸ਼ਵੇਤ ਅਤੇ ਪਹਿਲੀ ਏਸ਼ਿਆਈ ਅਮਰੀਕੀ ਬਣ ਗਈ ਹੈ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਮਰਥਕਾਂ ਨੂੰ ਰੋਕਣ ਲਈ ਅਮਰੀਕਾ ਦੀ ਕੈਪੀਟਲ (ਸੰਸਦ ਭਵਨ) ਵਿੱਚ ਅਤੇ ਆਲੇ-ਦੁਆਲੇ ਹਜ਼ਾਰਾਂ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। ਟਰੰਪ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ ਅਤੇ ਆਖ਼ਰੀ ਵਾਰ ਰਾਸ਼ਟਰਪਤੀ ਵਜੋਂ ਵ੍ਹਾਈਟ ਹਾਊਸ ਤੋਂ ਵਿਦਾਇਗੀ ਲੈਂਦਿਆਂ ਜਹਾਜ਼ ਰਾਹੀਂ ਫਲੋਰਿਡਾ ਸਥਿਤ ਆਪਣੀ ਰਿਹਾਇਸ਼ ਲਈ ਰਵਾਨਾ ਹੋਏ। ਡੈਮੋਕਰੈਟਿਕ ਆਗੂ ਬਾਇਡਨ ਨੂੰ ਪ੍ਰਮੁੱਖ ਜਸਟਿਸ ਜੌਨ ਰੌਬਰਟਸ ਨੇ ਕੈਪੀਟਲ ਬਿਲਡਿੰਗ ਦੇ ‘ਵੈਸਟ ਫਰੰਟ’ ਵਿੱਚ ਅਹੁਦੇ ਤੇ ਗੁਪਤਤਾ ਦੀ ਸਹੁੰ ਚੁਕਾਈ। ਹਿੰਸਕ ਦੰਗਿਆਂ ਅਤੇ ਸੁਰੱਖਿਆ ਚਿੰਤਾਵਾਂ ਦੌਰਾਨ ਬਾਇਡਨ ਨੇ ਕਿਹਾ ਕਿ ਜਮਹੂਰੀਅਤ ਦੀ ਜਿੱਤ ਹੋਈ ਹੈ।
-ਪੀਟੀਆਈ