ਵਾਸ਼ਿੰਗਟਨ, 15 ਅਪਰੈਲ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਹੈ ਕਿ ਇਸ ਸਾਲ 11 ਸਤੰਬਰ ਤੱਕ ਅਫ਼ਗਾਨਿਸਤਾਨ ਤੋਂ ਸਾਰੇ ਅਮਰੀਕੀ ਸੈਨਿਕਾਂ ਨੂੰ ਵਾਪਸ ਸੱਦ ਲਿਆ ਜਾਵੇਗਾ। ਵ੍ਹਾਈਟ ਹਾਊਸ ’ਚੋਂ ਲੰਘੇ ਦਿਨ ਟੀਵੀ ਰਾਹੀਂ ਸੰਬੋਧਨ ਕਰ ਰਹੇ ਬਾਇਡਨ ਨੇ ਕਿਹਾ,‘‘11 ਸਤੰਬਰ (2001) ਦੀ ਘਟਨਾ ਦੇ 20 ਸਾਲ ਪੂਰੇ ਹੋਣ ਤੋਂ ਪਹਿਲਾਂ ਅਮਰੀਕੀ ਸੈਨਿਕਾਂ ਦੇ ਨਾਲ ਨਾਟੋ (ਨੌਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜ਼ੇਸ਼ਨ) ਦੇ ਦੇਸ਼ਾਂ ਤੇ ਹੋਰ ਸਹਿਯੋਗੀ ਦੇਸ਼ਾਂ ਦੇ ਸੈਨਿਕ ਵੀ ਅਫ਼ਗਾਨਿਸਤਾਨ ਤੋਂ ਵਾਪਸ ਆ ਜਾਣਗੇ।’’ ਉਪਰੰਤ ਬਾਇਡਨ ਨੇ ਆਰਲਿੰਗਟਨ ਕੌਮੀ ਫ਼ੌਜੀ ਸਮਾਰਕ ਜਾ ਕੇ ਅਫ਼ਗਾਨਿਸਾਨ ਨਾਲ ਜੰਗ ਵਿਚ ਜਾਨਾਂ ਦੇਣ ਵਾਲੇ ਅਮਰੀਕੀ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਉੱਧਰ, ਮਾਹਿਰਾਂ ਨੇ ਅਮਰੀਕਾ ਤੇ ਨਾਟੋ ਦੇ ਸੈਨਿਕਾਂ ਨੂੰ ਅਫ਼ਗਾਨਿਸਤਾਨ ਤੋਂ ਵਾਪਸ ਸੱਦੇ ਜਾਣ ਦੇ ਫ਼ੈਸਲੇ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਖੇਤਰ ਵਿਚ ਤਾਲਿਬਾਨ ਮੁੜ ਤੋਂ ਪੈਰ ਪਸਾਰ ਸਕਦਾ ਹੈ ਅਤੇ ਅਫ਼ਗਾਨਿਸਤਾਨ ਦੀ ਜ਼ਮੀਨ ਨੂੰ ਅਤਿਵਾਦੀਆਂ ਵੱਲੋਂ ਮੁੜ ਛੁਪਣਗਾਹ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ ਜੋ ਕਿ ਭਾਰਤ ਲਈ ਚਿੰਤਾ ਦਾ ਵਿਸ਼ਾ ਹੋਵੇਗਾ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਵਿਚ ਰਾਸ਼ਟਰਪਤੀ ਦੀ ਉਪ ਸਲਾਹਕਾਰ ਰਹੀ ਅਤੇ 2017-2021 ਲਈ ਦੱਖਣੀ ਤੇ ਮੱਧ ਏਸ਼ਿਆਈ ਮਾਮਲਿਆਂ ’ਚ ਐੱਨਐੱਸਸੀ ਦੀ ਸੀਨੀਅਰ ਡਾਇਰੈਕਟਰ ਰਹੀ ਲੀਜ਼ਾ ਕਰਟਿਸ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਅਫ਼ਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਨੂੰ ਵਾਪਸ ਸੱਦੇ ਜਾਣ ਨਾਲ ਖੇਤਰ ਦੇ ਦੇਸ਼, ਖ਼ਾਸ ਕਰ ਕੇ ਭਾਰਤ ਵਿਚ ਤਾਲਿਬਾਨ ਦੇ ਮੁੜ ਤੋਂ ਉੱਭਰਨ ਦੀ ਚਿੰਤਾ ਹੋਵੇਗੀ।’’