ਇਸਲਾਮਾਬਾਦ, 27 ਫਰਵਰੀ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਕਿਹਾ ਕਿ ਉਹ ਟਕਰਾਅ ਨੂੰ ਸੰਵਾਦ ਰਾਹੀਂ ਹੱਲ ਕਰਨ ਵਿਚ ਯਕੀਨ ਰੱਖਦੇ ਹਨ, ਪਰ ਇਸ ਨੂੰ ਉਨ੍ਹਾਂ ਦੇ ਮੁਲਕ ਦੀ ‘ਕਮਜ਼ੋਰੀ ਦਾ ਪ੍ਰਤੀਕ’ ਨਹੀਂ ਮੰਨਿਆ ਜਾਣਾ ਚਾਹੀਦਾ ਹੈ। ਇਮਰਾਨ ਨੇ ਕਿਹਾ, ‘ਜਿਵੇਂ ਅਸੀਂ ਭਾਰਤ ਨੂੰ 27 ਫਰਵਰੀ, 2019 ਨੂੰ ਦਿਖਾਇਆ, ਜਦ ਇਸ ਨੇ ਸਾਡੇ ਉਤੇ ਹਮਲਾ ਕਰਨਾ ਚੁਣਿਆ, ਸਾਡੇ ਹਥਿਆਰਬੰਦ ਬਲ ਜਿਨ੍ਹਾਂ ਮਗਰ ਪੂਰਾ ਦੇਸ਼ ਹੈ, ਕਿਸੇ ਵੀ ਫ਼ੌਜੀ ਕਾਰਵਾਈ ਦਾ ਹਰ ਪੱਧਰ ਉਤੇ ਜਵਾਬ ਦੇਣਗੇ।’ ਉਨ੍ਹਾਂ ਕਿਹਾ, ‘ਆਪਣੇ ਮੁਲਕ ਦੀ ਸੁਰੱਖਿਆ ਪ੍ਰਤੀ ਅਸੀਂ ਪੂਰੀ ਤਰ੍ਹਾਂ ਸਮਰਪਿਤ ਤੇ ਵਚਨਬੱਧ ਹਾਂ।’ ਜ਼ਿਕਰਯੋਗ ਹੈ ਕਿ 26 ਫਰਵਰੀ, 2019 ਦੀ ਸਵੇਰ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਕੈਂਪਾਂ ਉਤੇ ਬੰਬਾਰੀ ਕੀਤੀ ਸੀ। ਇਹ ਜਵਾਬੀ ਕਾਰਵਾਈ ਪੁਲਵਾਮਾ ਵਿਚ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ 40 ਸੀਆਰਪੀਐਫ ਜਵਾਨਾਂ ਦੇ ਬਦਲੇ ਵਜੋਂ ਕੀਤੀ ਗਈ ਸੀ। ਅਗਲੇ ਦਿਨ ਦੋਵਾਂ ਮੁਲਕਾਂ ਦੀ ਹਵਾਈ ਸੈਨਾ ਵਿਚਾਲੇ ਮੁਕਾਬਲਾ ਹੋਇਆ ਸੀ ਜਿਸ ਵਿਚ ਪਾਕਿਸਤਾਨ ਨੇ ਭਾਰਤੀ ਫ਼ੌਜ ਦੇ ਪਾਇਲਟ ਨੂੰ ਹਿਰਾਸਤ ’ਚ ਲੈ ਲਿਆ ਸੀ। ਪਰ ਮਗਰੋਂ ਰਿਹਾਅ ਕਰ ਦਿੱਤਾ ਗਿਆ ਸੀ। ਭਾਰਤੀ ਜਹਾਜ਼ਾਂ ਵੱਲੋਂ ਕੀਤੇ ਹਮਲੇ ਤੇ ਮਗਰੋਂ ਅਗਲੇ ਦਿਨ ਪਾਕਿਸਤਾਨ ਦੀ ਕਾਰਵਾਈ ਕਾਰਨ ਪ੍ਰਮਾਣੂ ਤਾਕਤ ਦੋਵਾਂ ਮੁਲਕਾਂ ਵਿਚਾਲੇ ਜੰਗ ਲੱਗਣ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਸੀ। ਇਮਰਾਨ ਨੇ ਕਿਹਾ ਕਿ ਟਕਰਾਅ ਨੂੰ ਉਹ ਹਮੇਸ਼ਾ ਸੰਵਾਦ ਤੇ ਕੂਟਨੀਤੀ ਨਾਲ ਟਾਲਣ ਵਿਚ ਯਕੀਨ ਰੱਖਦੇ ਹਨ। ਇਸ ਨੂੰ ਕਮਜ਼ੋਰੀ ਨਹੀਂ ਸਮਝਿਆ ਜਾਣਾ ਚਾਹੀਦਾ। ਪਾਕਿਸਤਾਨੀ ਫ਼ੌਜ ਦੇ ਬੁਲਾਰੇ ਮੇਜਰ ਜਨਰਲ ਬਾਬਰ ਇਫ਼ਤਿਖਾਰ ਨੇ ਕਿਹਾ ਕਿ 27 ਫਰਵਰੀ ‘ਅਪਰੇਸ਼ਨ ਸਵਿਫਟ ਰਿਟੋਰਟ’ ਦੀ ਤੀਜੀ ਵਰ੍ਹੇਗੰਢ ਹੈ ਜਿਸ ਵਿਚ ਭਾਰਤੀ ਸੈਨਾ ਨੂੰ ਜਵਾਬ ਦਿੱਤਾ ਗਿਆ ਸੀ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਵੀ ਕਿਹਾ ਕਿ ਮੁਲਕ ਆਪਣੀ ਖੇਤਰੀ ਅਖੰਡਤਾ ਤੇ ਖ਼ੁਦਮੁਖਤਿਆਰੀ ਦੀ ਰਾਖੀ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਪਾਕਿਸਤਾਨ ਖੇਤਰੀ ਸ਼ਾਂਤੀ ਤੇ ਸਥਿਰਤਾ ਲਈ ਵਚਨਬੱਧ ਹੈ ਪਰ ਨਾਲ ਹੀ ਆਪਣੀ ਰੱਖਿਆ ਕਰਨ ਦੇ ਪੂਰਾ ਸਮਰੱਥ ਹੈ। -ਪੀਟੀਆਈ