ਸੰਯੁਕਤ ਰਾਸ਼ਟਰ, 8 ਦਸੰਬਰ
ਭਾਰਤ ਨੇ ਭਵਿੱਖੀ ਮਹਾਮਾਰੀਆਂ ਤੇ ਇਨ੍ਹਾਂ ਦੇ ਅਸਰਾਂ ਨਾਲ ਨਜਿੱਠਣ ਲਈ ਲੰਮੇ ਸਮੇਂ ਦੀਆਂ ਰਣਨੀਤੀਆਂ ਤੇ ਯੋਜਨਾਵਾਂ ’ਤੇ ਜ਼ੋਰ ਦਿੰਦਿਆਂ ਆਲਮੀ ਭਾਈਚਾਰੇ ਨੂੰ ਕਿਹਾ ਕਿ ਸਾਰਿਆਂ ਦੀ ਕਿਫਾਇਤੀ ਦਵਾਈਆਂ ਤੇ ਨਵੀਂ ਤਕਨੀਕਾਂ ਤਕ ਬਰਾਬਰ ਦੀ ਰਸਾਈ ਦੇ ਰਾਹ ਵਿੱਚ ਅੜਿੱਕਿਆਂ ਨੂੰ ਦੂਰ ਕਰਨ ਦੀ ਲੋੜ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ’ਚ ਕੌਂਸਲਰ ਪ੍ਰਤੀਕ ਮਾਥੁਰ ਸੰਯੁਕਤ ਰਾਸ਼ਟਰ ਮਹਾ ਸਭਾ ਦੇ ‘ਆਲਮੀ ਸਿਹਤ ਤੇ ਵਿਦੇਸ਼ ਨੀਤੀ’ ਵਿਸ਼ੇ ’ਤੇ ਕਰਵਾਏ ਇਜਲਾਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਕੌਮਾਂਤਰੀ ਭਾਈਚਾਰੇ ਨੂੰ ਜਾਂਚ, ਚਕਿੱਤਸਾ ਤੇ ਟੀਕਿਆਂ ਤਕ ਕਿਫਾਇਤੀ ਤੇ ਸਮਾਨ ਆਲਮੀ ਪਹੁੰਚ ਯਕੀਨੀ ਬਣਾਉਣ ਲਈ ‘ਅਕਸੈੱਸ ਟੂ ਕੋਵਿਡ-19 ਟੂਲਸ ਐਕਸਿਲੀਰੇਟਰ (ਏਸੀਟੀਏ) ਤੇ ਕੋਵੈਕਸ ਜਿਹੇ ਮੌਜੂਦਾ ਪ੍ਰੋਗਰਾਮਾਂ ਦਾ ਲਾਹਾ ਚੁੱਕਣਾ ਹੋਵੇਗਾ। ਮਾਥੁਰ ਨੇ ਕਿਹਾ, ‘ਭਵਿੱਖ ਵਿੱਚ ਮਹਾਮਾਰੀਆਂ ਨਾਲ ਨਜਿੱਠਣ ਲਈ ਇਕ ਪ੍ਰਣਾਲੀ ਬਣਾਉਣ ਖਾਤਰ ਸਾਨੂੰ ਲੰਮੇ ਸਮੇਂ ਦੀਆਂ ਰਣਨੀਤੀਆਂ ਤੇ ਯੋਜਨਾਵਾਂ ਉਲੀਕਣੀਆਂ ਹੋਣਗੀਆਂ।’ ਉਨ੍ਹਾਂ ਕਿਹਾ, ‘ਕੋਵਿਡ-19 ਮਹਾਮਾਰੀ ਨੇ ਸਿਹਤ ਪ੍ਰਬੰਧ ਦੀਆਂ ਵਿਵਸਥਤ ਖਾਮੀਆਂ ਤੇ ਮਹਾਮਾਰੀਆਂ ਨੂੰ ਰੋਕਣ ਦੀ ਸਾਡੀ ਸਮਰਥਾ ਦੀਆਂ ਕਮਜ਼ੋਰੀਆਂ ਨੂੰ ਜੱਗ ਜ਼ਾਹਿਰ ਕਰ ਕਰ ਦਿੱਤਾ ਹੈ। ਸਾਨੂੰ ਇਨ੍ਹਾਂ ਪ੍ਰਮੁੱਖ ਘਾਟਾਂ ਨੂੰ ਦੂਰ ਕਰਨਾ ਹੋਵੇਗਾ ਤਾਂ ਕਿ ਭਵਿੱਖ ਵਿੱਚ ਸਿਹਤ ਸਬੰਧੀ ਕੋਈ ਸੰਕਟ ਆਏ ਤਾਂ ਉਸ ਦੇ ਮਾੜੇ ਅਸਰਾਂ ਨੂੰ ਰੋਕਣ ਲਈ ਕੁੱਲ ਆਲਮ ਦੀ ਤਿਆਰੀ ਬਿਹਤਰ ਹੋਵੇ।’ -ਪੀਟੀਆਈ