ਢਾਕਾ, 28 ਜੁਲਾਈ
ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ ਨੇ ਅੱਜ ਬਦਨਾਮ ਨੀਮ ਫੌਜੀ ਦਸਤੇ ‘ਰਜ਼ਾਕਾਰ ਬਹਨਿੀ’ ਦੇ ਛੇ ਮੈਂਬਰਾਂ ਨੂੰ 1971 ਦੀ ਆਜ਼ਾਦੀ ਦੀ ਜੰਗ ਦੌਰਾਨ ਪਾਕਿਸਤਾਨੀ ਫੌਜ ਨਾਲ ਮਿਲ ਕੇ ਮਨੁੱਖਤਾ ਖ਼ਿਲਾਫ਼ ਅਪਰਾਧ ਕਰਨ ਦੇ ਦੋਸ਼ ਹੇਠ ਮੌਤ ਦੀ ਸਜ਼ਾ ਸੁਣਾਈ ਹੈ। ਜਸਟਿਸ ਮੁਹੰਮਦ ਸ਼ਾਹੀਨੂਰ ਇਸਲਾਮ ਦੀ ਅਗਵਾਈ ਹੇਠਲੇ ਤਿੰਨ ਮੈਂਬਰੀ ਟ੍ਰਿਬਿਊਨਲ ਨੇ ਇਹ ਫ਼ੈਸਲਾ ਸੁਣਾਇਆ ਹੈ। ਟ੍ਰਿਬਿਊਨਲ ਨੇ ਕਿਹਾ, ‘ਉਨ੍ਹਾਂ ਨੂੰ ਮਰਨ ਤੱਕ ਫਾਹੇ ਲਟਕਾਇਆ ਜਾਵੇ।’ ਇਨ੍ਹਾਂ ਦੋਸ਼ੀਆਂ ’ਚ ਅਮਜਦ ਹੁਸੈਨ ਹਵਾਲਦਾਰ, ਸਾਹਰ ਅਲੀ ਸਰਦਾਰ, ਅਤਿਆਰ ਰਹਿਮਾਨ, ਮੋਟਾਚਿਮ ਬਿੱਲ੍ਹਾ, ਕਮਾਲਊਦੀਨ ਗੋਲਡਰ ਤੇ ਨਜ਼ਰੁਲ ਇਸਲਾਮ ਸ਼ਾਮਲ ਹਨ। ਇਨ੍ਹਾਂ ’ਚੋਂ ਨਜ਼ਰੁਲ ਇਸਲਾਮ ਫਰਾਰ ਹੈ। ਟ੍ਰਿਬਿਊਨਲ ਵੱਲੋਂ ਸਜ਼ਾ ਸੁਣਾਏ ਜਾਣ ਮਗਰੋਂ ਦੋਸ਼ੀਆਂ ਨੂੰ ਢਾਕਾ ਦੀ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ। ਸਰਕਾਰੀ ਵਕੀਲ ਮੋਖਲੇਸੁਰ ਰਹਿਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਛੇ ਦੋਸ਼ੀਆਂ ਨੂੰ ਮਨੁੱਖਤਾ ਖ਼ਿਲਾਫ਼ ਚਾਰ ਤਰ੍ਹਾਂ ਦੇ ਅਪਰਾਧ ਕਰਨ ਦੇ ਦੋਸ਼ ਲਾਏ ਗਏ ਹਨ। ਟ੍ਰਿਬਿਊਨਲ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਦੋਸ਼ੀ ਬਦਨਾਮ ‘ਰਜ਼ਾਕਾਰ ਬਹਨਿੀ’ ਦੇ ਮੈਂਬਰ ਸਨ। ਟ੍ਰਿਬਿਊਨਲ ਨੇ ਕਿਹਾ ਕਿ ਇਹ ਸਾਰੇ ਦੱਖਣ-ਪੱਛਮੀ ਖੁਲਨਾ ਜ਼ਿਲ੍ਹੇ ਨਾਲ ਸਬੰਧਤ ਹਨ ਤੇ ਇਨ੍ਹਾਂ ਸਮੂਹਿਕ ਕਤਲੇਆਮ, ਅਗਜ਼ਨੀ ਤੇ ਤਸ਼ੱਦਦ ਜਿਹੇ ਜ਼ੁਲਮ ਕੀਤੇ ਹਨ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਉਹ ਇਸ ਫ਼ੈਸਲੇ ਨੂੰ ਸੁਪਰੀਮ ਕੋਰਟ ਦੇ ਸਰਵਉੱਚ ਅਪੀਲੀ ਡਵਿੀਜ਼ਨ ’ਚ ਚੁਣੌਤੀ ਦੇਣ ਦੀ ਯੋਜਨਾ ਬਣਾ ਰਹੇ ਹਨ। -ਪੀਟੀਆਈ