ਢਾਕਾ, 11 ਮਈ
ਚੀਨ ਨੇ ਬੰਗਲਾਦੇਸ਼ ਨੂੰ ਅਮਰੀਕਾ ਦੀ ਅਗਵਾਈ ਵਾਲੇ ‘ਕੁਆਡ’ ਗੱਠਜੋੜ ਵਿਚ ਸ਼ਾਮਲ ਹੋਣ ਖ਼ਿਲਾਫ਼ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਢਾਕਾ ਦੇ ਇਸ ਪੇਈਚਿੰਗ ਵਿਰੋਧੀ ‘ਕਲੱਬ’ ਦਾ ਹਿੱਸਾ ਬਣਨ ’ਤੇ ਦੁਵੱਲੇ ਰਿਸ਼ਤਿਆਂ ਦਾ ‘ਵੱਡਾ ਨੁਕਸਾਨ’ ਹੋਵੇਗਾ। ਚੀਨ ਦੇ ਰੱਖਿਆ ਮੰਤਰੀ ਜਨਰਲ ਵੇਈ ਫੇਂਗ ਦੀ ਯਾਤਰਾ ਤੋਂ ਬਾਅਦ ਬੰਗਲਾਦੇਸ਼ ਵਿਚ ਚੀਨ ਦੇ ਰਾਜਦੂਤ ਲੀ ਜਿਮਿੰਗ ਨੇ ਇਹ ਚਿਤਾਵਨੀ ਦਿੱਤੀ ਹੈ। ਦੱਸਣਯੋਗ ਹੈ ਕਿ 27 ਅਪਰੈਲ ਨੂੰ ਫੇਂਗ ਬੰਗਲਾਦੇਸ਼ ਦੀ ਯਾਤਰਾ ਉਤੇ ਆਏ ਸਨ। ਇਸ ਦੌਰਾਨ ਉਨ੍ਹਾਂ ਰਾਸ਼ਟਰਪਤੀ ਅਬਦੁਲ ਹਾਮਿਦ ਨੂੰ ਕਿਹਾ ਸੀ ਕਿ ਪੇਈਚਿੰਗ ਤੇ ਢਾਕਾ ਨੂੰ ਦੱਖਣੀ ਏਸ਼ੀਆ ਵਿਚ ‘ਫ਼ੌਜੀ ਗੱਠਜੋੜ’ ਬਣਾਉਣ ਤੇ ‘ਰਸੂਖ਼’ ਕਾਇਮ ਕਰਨ ਦੀ ਜੁਗਤ ਵਿਚ ਲੱਗੀਆਂ ਬਾਹਰੀ ਸ਼ਕਤੀਆਂ ਨੂੰ ਰੋਕਣਾ ਚਾਹੀਦਾ ਹੈ। ਬੰਗਲਾਦੇਸ਼ ਵਿਚ ਲੀ ਨੇ ਕਿਹਾ ਕਿ ਚਾਰ ਮੁਲਕਾਂ ਦੇ ਇਸ ਛੋਟੇ ਕਲੱਬ ਵਿਚ ਸ਼ਾਮਲ ਹੋਣਾ ਨਿਸ਼ਚਿਤ ਰੂਪ ਨਾਲ ਸਹੀ ਵਿਚਾਰ ਨਹੀਂ ਹੋਵੇਗਾ ਕਿਉਂਕਿ ਇਸ ਨਾਲ ਦੁਵੱਲੇ ਰਿਸ਼ਤਿਆਂ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ‘ਕੁਆਡ’ ਚੀਨ ਦੇ ਖ਼ਿਲਾਫ਼ ਕੰਮ ਕਰ ਰਿਹਾ ਹੈ। ਚੀਨ ਦੇ ਰਾਜਦੂਤ ਦੇ ਵਿਵਾਦਤ ਬਿਆਨ ’ਤੇ ਬੰਗਲਾਦੇਸ਼ੀ ਵਿਦੇਸ਼ ਮੰਤਰੀ ਡਾ. ਏ.ਕੇ. ਅਬਦੁਲ ਮੋਮਿਨ ਨੇ ਕਿਹਾ ਕਿ ਬੰਗਲਾਦੇਸ਼ ਗੁੱਟ-ਨਿਰਲੇਪ ਤੇ ਸੰਤੁਲਿਤ ਵਿਦੇਸ਼ ਨੀਤੀ ਦਾ ਪਾਲਣ ਕਰਦਾ ਹੈ।
ਬੰਗਲਾਦੇਸ਼ ਆਪਣੀ ਨੀਤੀ ਖ਼ੁਦ ਤੈਅ ਕਰੇਗਾ: ਮੋਮਿਨ
ਵਿਦੇਸ਼ ਮੰਤਰੀ ਅਬਦੁਲ ਮੋਮਿਨ ਨੇ ਕਿਹਾ ਕਿ ਬੰਗਲਾਦੇਸ਼ ਆਜ਼ਾਦ ਦੇਸ਼ ਹੈ, ਉਹ ਆਪਣੀ ਨੀਤੀ ਖ਼ੁਦ ਤੈਅ ਕਰਦਾ ਹੈ। ਹਾਲਾਂਕਿ ਕੋਈ ਦੇਸ਼ ਆਪਣਾ ਰੁਖ਼ ਜ਼ਰੂਰ ਦੱਸ ਸਕਦਾ ਹੈ। ਮੋਮਿਨ ਨੇ ਨਾਲ ਹੀ ਕਿਹਾ ਕਿ ਹਾਲੇ ਤੱਕ ‘ਕੁਆਡ’ ਦੇ ਕਿਸੇ ਵੀ ਮੈਂਬਰ ਨੇ ਬੰਗਲਾਦੇਸ਼ ਨਾਲ ਸੰਪਰਕ ਨਹੀਂ ਕੀਤਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਰਾਜਦੂਤ ਨੇ ਟਿੱਪਣੀ ਜਲਦਬਾਜ਼ੀ ਵਿਚ ਕੀਤੀ ਹੈ। ਜ਼ਿਕਰਯੋਗ ਹੈ ਕਿ ‘ਕੁਆਡ’ ਸੰਗਠਨ ਵਿਚ ਭਾਰਤ, ਅਮਰੀਕਾ, ਆਸਟਰੇਲੀਆ ਤੇ ਜਾਪਾਨ ਸ਼ਾਮਲ ਹਨ। -ਪੀਟੀਆਈ