ਕਰਾਚੀ, 5 ਅਗਸਤ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਸੜਕ ਕਿਨਾਰੇ ਪਾਕਿਸਤਾਨ ਦੇ ਕੌਮੀ ਝੰਡੇ ਵੇਚਣ ਵਾਲੇ ਸਟਾਲ ’ਤੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਹੱਥਗੋਲਾ ਸੁੱਟਣ ਕਾਰਨ ਹੋਏ ਧਮਾਕੇ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਬੱਚਿਆਂ ਸਮੇਤ 14 ਹੋਰ ਜ਼ਖ਼ਮੀ ਹੋ ਗਏ।
ਅਖਬਾਰ ‘ਦਿ ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ 14 ਅਗਸਤ ਨੂੰ ਦੇਸ਼ ਦੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਕੋਇਟਾ ਇਲਾਕੇ ਵਿੱਚ ਕੌਮੀ ਝੰਡੇ ਅਤੇ ਹੋਰ ਸਜਾਵਟੀ ਵਸਤਾਂ ਵੇਚਣ ਵਾਲੇ ਸਟਾਲ ਲਾਏ ਗਏ ਸਨ। ਬੀਤੀ ਰਾਤ ਮੋਟਰਸਾਈਕਲ ਸਵਾਰ ਕੁੱਝ ਅਣਪਛਾਤੇ ਵਿਅਕਤੀਆਂ ਨੇ ਇੱਥੇ ਹੱਥਗੋਲਾ ਸੁੱਟ ਦਿੱਤਾ, ਜਿਸ ਕਾਰਨ ਇੱਕ ਵਿਅਕਤੀ ਮਾਰਿਆ ਗਿਆ ਅਤੇ ਦੋ ਬੱਚਿਆਂ ਸਮੇਤ 14 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ। ਹਾਲੇ ਤੱਕ ਕਿਸੇ ਵੀ ਅਤਿਵਾਦੀ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਜ਼ਿਕਰਯੋਗ ਹੈ ਕਿ ਬਲੋਚਿਸਤਾਨ ਵਿੱਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। -ਪੀਟੀਆਈ