ਇਸਲਾਮਾਬਾਦ, 1 ਜੂਨ
ਬਲੋਚਿਸਤਾਨ ਦੇ ਅਸ਼ਾਂਤ ਦੱਖਣ-ਪੱਛਮੀ ਸੂਬੇ ’ਚ ਪਾਕਿਸਤਾਨ ਦੀ ਇੱਕ ਸੁਰੱਖਿਆ ਚੌਕੀ ’ਤੇ ਅਤਿਵਾਦੀਆਂ ਨੇ ਹਮਲਾ ਕਰ ਦਿੱਤਾ ਤੇ ਮਗਰੋਂ ਵਿਸਫੋਟਕ ਸਮੱਗਰੀ ਲੈ ਕੇ ਜਾ ਰਹੇ ਸੁਰੱਖਿਆ ਕਰਮੀਆਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ, ਜਿਸ ਦੌਰਾਨ ਫ਼ੌਜ ਦੇ ਚਾਰ ਜਵਾਨ ਮਾਰੇ ਗਏ ਤੇ ਅੱਠ ਹੋਰ ਜ਼ਖ਼ਮੀ ਹੋ ਗਏ। ਪਾਕਿਸਤਾਨੀ ਸੈਨਾ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਵੱਲੋਂ ਜਾਰੀ ਬਿਆਨ ਅਨੁਸਾਰ ਅਤਿਵਾਦੀਆਂ ਨੇ ਕੋਇਟਾ ਵਿੱਚ ਫਰੰਟੀਅਰ ਕੋਰ ਦੇ ਫ਼ੌਜੀਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਪੀਰ ਇਸਮਾਈਲ ਜ਼ਿਆਰਤ ਨੇੜੇ ਸਥਿਤ ਚੌਕੀ ’ਤੇ ਹਮਲਾ ਕੀਤਾ। ਇਸ ਦੌਰਾਨ ਮੁਕਾਬਲੇ ਵਿੱਚ ਚਾਰ-ਪੰਜ ਅਤਿਵਾਦੀ ਵੀ ਮਾਰੇ ਗਏ ਤੇ ਕਰੀਬ ਅੱਠ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਚਾਰ ਫ਼ੌਜੀ ਮਾਰੇ ਗਏ ਤੇ ਛੇ ਜ਼ਖ਼ਮੀ ਹੋ ਗਏ। ਤੁਰਬਤ ਵਿੱਚ ਅਤਿਵਾਦੀਆਂ ਨੇ ਵਾਹਨ ਨੂੰ ਨਿਸ਼ਾਨਾ ਬਣਾਇਆ। -ਪੀਟੀਆਈ