ਕਰਾਚੀ, 25 ਜੂਨ
ਪਾਕਿਸਤਾਨ ਦੇ ਗੜਬੜ ਵਾਲੇ ਬਲੋਚਿਸਤਾਨ ਪ੍ਰਾਂਤ ਦੇ ਇਕ ਦਿਹਾਤੀ ਜ਼ਿਲ੍ਹੇ ਵਿਚ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਦੀ ਗਸ਼ਤੀ ਪਾਰਟੀ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਪਾਕਿਸਤਾਨੀ ਨੀਮ ਫ਼ੌਜੀ ਬਲ ਦੇ ਪੰਜ ਜਵਾਨ ਮਾਰੇ ਗਏ। ਪਾਕਿਸਤਾਨ ਹਥਿਆਰਬੰਦ ਬਲਾਂ ਦੇ ਮੀਡੀਆ ਵਿੰਗ ਅੰਤਰ-ਸੇਵਾਵਾਂ ਲੋਕ ਸੰਪਰਕ ਅਨੁਸਾਰ ਅਤਿਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਗੋਲੀਬਾਰੀ ਵਿਚ ਫਰੰਟੀਅਰ ਕੋਰ ਬਲੋਚਿਸਤਾਨ ਦੇ ਪੰਜ ਜਵਾਨ ਮਾਰੇ ਗਏ। ਇਸ ਹਮਲੇ ਤੋਂ ਬਾਅਦ ਅਤਿਵਾਦੀਆਂ ਦੇ ਨਿਕਲਣ ਦੇ ਰਸਤੇ ਬੰਦ ਕਰਨ ਵਾਸਤੇ ਤਲਾਸ਼ੀ ਮੁਹਿੰਮ ਆਰੰਭੀ ਗਈ ਹੈ। ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਹਮਲੇ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ, ‘‘ਅਜਿਹੇ ਕਾਇਰਾਨਾ ਹਮਲਿਆਂ ਨਾਲ ਅਤਿਵਾਦੀ ਸਾਨੂੰ ਨਿਰਾਸ਼ ਨਹੀਂ ਕਰ ਸਕਦੇ। ਸਰਕਾਰ ਪੂਰੀ ਤਾਕਤ ਨਾਲ ਅਤਿਵਾਦੀਆਂ ਖ਼ਿਲਾਫ਼ ਲੜਾਈ ਜਾਰੀ ਰੱਖੇਗੀ। -ਪੀਟੀਆਈ