ਲਾਹੌਰ, 2 ਮਾਰਚ
ਪਾਕਿਸਤਾਨ ਦੀ ਇੱਕ ਅਦਾਲਤ ਨੇ ਸੋਸ਼ਲ ਮੀਡੀਆ ’ਤੇ ਧਰਮ ਦਾ ਅਪਮਾਨ ਕਰਨ ਵਾਲੀ ਸਮੱਗਰੀ ਸਾਂਝੀ ਕਰਨ ’ਤੇ ਕਰੀਬ ਪੰਜ ਸਾਲ ਪਹਿਲਾਂ ਗ੍ਰਿਫ਼ਤਾਰ ਕੀਤੇ ਇੱਕ ਇਸਾਈ ਵਿਅਕਤੀ ਦੀ ਜ਼ਮਾਨਤ ਮਨਜ਼ੂੁਰ ਕਰ ਲਈ ਹੈ। ਲਾਹੌਰ ਹਾਈ ਕੋਰਟ ਨੇ ਸੋਮਵਾਰ ਨੂੰ ਨਬੀਲ ਮਸੀਹ, ਜਿਸ ਨੂੰ 2016 ਵਿੱਚ ਕਸੂਰ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਸ ਵੇਲੇ ਉਹ 16 ਸਾਲਾਂ ਦਾ ਸੀ, ਦੀ ਜ਼ਮਾਨਤ ਮਨਜ਼ੂਰ ਕਰ ਲਈ। ਨਬੀਲ ’ਤੇ ਉਸ ਦੇ ਆਪਣੇ ਇਲਾਕੇ ਦੇ ਵਿਅਕਤੀ ਨੇ ਹੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸਮੱਗਰੀ ਵੱਟਸਐਪ ਗਰੁੱਪ ’ਚ ਸਾਂਝੀ ਕਰਨ ਦੇ ਦੋਸ਼ ਲਾਏ ਸਨ। ਉਸ ’ਤੇ ਪੂਜਣਯੋਗ ਇੱਕ ਜਗ੍ਹਾ ਨੂੰ ਦੂਸ਼ਿਤ ਕਰਨ ਤੇ ਇਕ ਧਰਮ ਦਾ ਅਪਮਾਨ ਕਰਨ ਦੇ ਦੋਸ਼ ਲੱਗੇ ਸਨ। ਕੇਸ ਦੀ ਸੁਣਵਾਈ ਦੌਰਾਨ ਮਸੀਹ ਦੇ ਵਕੀਲ ਨੇ ਕਿਹਾ ਕਿ ਫੋਰੈਂਸਿਕ ਰਿਪੋਰਟ ਤੋਂ ਇਹ ਸਾਬਤ ਹੋ ਗਿਆ ਹੈ ਕਿ ਉਸ ਨੇ ਵਿਵਾਦਤ ਪੋਸਟ ਨਹੀਂ ਬਣਾਈ ਸੀ ਤੇ ਉਸ ਵੇਲੇ ਉਹ ਨਾਬਾਲਗ ਸੀ। -ਪੀਟੀਆਈ