ਪੇਈਚਿੰਗ, 23 ਮਈ
ਉੱਤਰ-ਪੱਛਮੀ ਚੀਨ ’ਚ ਬੇਹੱਦ ਖਰਾਬ ਮੌਸਮ ਕਾਰਨ ਸੌ ਕਿਲੋਮੀਟਰ ਕਰਾਸ ਕੰਟਰੀ ਪਰਬਤੀ ਮੈਰਾਥਨ ’ਚ ਹਿੱਸਾ ਲੈਣ ਵਾਲੇ 21 ਜਣਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ। ਨਿਊਜ਼ ਏਜੰਸੀ ਸਿਨਹੂਆ ਨੇ ਦੱਸਿਆ ਕਿ ਗਾਂਸੂ ਸੂਬੇ ’ਚ ਇੱਕ ਸੈਰ-ਸਪਾਟੇ ਵਾਲੀ ਥਾਂ ‘ਯੈਲੋ ਰਿਵਰ ਸਟੋਨ ਫੌਰੈਸਟ’ ’ਚ ਦੌੜ ’ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਤੇਜ਼ ਹਵਾਵਾਂ ਤੇ ਬਰਫੀਲੇ ਮੀਂਹ ਦਾ ਸਾਹਮਣਾ ਕਰਨਾ ਪਿਆ। ਇਸ ਪਰਬਤੀ ਮੈਰਾਥਨ ’ਚ ਕੁੱਲ 172 ਲੋਕਾਂ ਨੇ ਹਿੱਸਾ ਲਿਆ ਸੀ। ਅਧਿਕਾਰਤ ਮੀਡੀਆ ਦੀ ਖ਼ਬਰ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਵਧ ਕੇ 21 ਹੋ ਗਈ ਹੈ। ਮੈਰਾਥਨ ’ਚ ਹਿੱਸਾ ਲੈਣ ਵਾਲੇ ਬਾਕੀ 151 ਲੋਕਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ’ਚੋਂ ਅੱਠ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ ਅਤੇ ਉਨ੍ਹਾਂ ਦਾ ਇੱਕ ਹਸਪਤਾਲ ’ਚ ਇਲਾਜ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਮੁਕਾਬਲਾ ਰੋਕ ਦਿੱਤਾ ਗਿਆ। -ਪੀਟੀਆਈ