ਕੈਨਬਰਾ, 18 ਅਕਤੂਬਰ
ਆਸਟਰੇਲੀਆ ਨੇ ਪਿਛਲੀ ਸਰਕਾਰ ਵੱਲੋਂ ਪੱਛਮੀ ਯੇਰੋਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਬਣਾਉਣ ਦੀ ਦਿੱਤੀ ਮਾਨਤਾ ਵਾਪਸ ਲੈ ਲਈ ਹੈ। ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ ਲੇਬਰ ਸਰਕਾਰ ਨੇ ਤਲ ਅਵੀਵ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮੁੜ ਮਾਨਤਾ ਦੇਣ ਲਈ ਸਹਿਮਤੀ ਪ੍ਰਗਟਾਈ ਹੈ ਅਤੇ ਇਜ਼ਰਾਈਲ ਤੇ ਫਲਸਤੀਨ ਨੂੰ ਸ਼ਾਂਤੀ ਵਾਰਤਾ ਰਾਹੀਂ ਯੇਰੋਸ਼ਲਮ ਦਾ ਮੁੱਦਾ ਹੱਲ ਕਰਨ ’ਤੇ ਜ਼ੋਰ ਦਿੱਤਾ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯੈਰ ਲੈਪਿਡ ਨੇ ਆਸਟਰੇਲੀਆ ਦੇ ਬਦਲੇ ਰੁਖ ’ਤੇ ਨਿਰਾਸ਼ਾ ਪ੍ਰਗਟਾਈ ਹੈ। ਉਨ੍ਹਾਂ ਕਿਹਾ, ‘‘ਯੇਰੋਸ਼ਲਮ ਸਥਾਈ ਤੌਰ ’ਤੇ ਇਜ਼ਰਾਈਲ ਦੀ ਅਣਵੰਡੀ ਰਾਜਧਾਨੀ ਹੈ ਤੇ ਇਸ ’ਚ ਕੁਝ ਨਹੀਂ ਬਦਲੇਗਾ।’’ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਸਟਰੇਲਿਆਈ ਰਾਜਦੂਤ ਨੂੰ ਤਲਬ ਕੀਤਾ ਜਾਵੇਗਾ। -ਏਪੀ