ਗੁਰਚਰਨ ਸਿੰਘ ਕਾਹਲੋਂ
ਸਿਡਨੀ, 7 ਮਈ
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਲਾਨ ਕੀਤਾ ਹੈ ਕਿ ਆਸਟਰੇਲੀਆ ਮਹਾਮਾਰੀ ਨਾਲ ਜੂਝ ਰਹੇ ਭਾਰਤ ਤੋਂ ਵਾਪਸ ਪਰਤਣ ਦੇ ਚਾਹਵਾਨ ਆਪਣੇ ਨਾਗਰਿਕਾਂ ਦੇ ਯਾਤਰਾ ਕਰਨ ਤੋਂ ਪਾਬੰਦੀ ਅਗਲੇ ਸ਼ਨਿਚਰਵਾਰ ਹਟਾ ਲਏਗਾ ਤੇ ਪਹਿਲੀ ਉਡਾਣ ਉਸੇ ਦਿਨ ਡਾਰਵਿਨ ਵਿਚ ਉਤਰੇਗੀ। ਜ਼ਿਕਰਯੋਗ ਹੈ ਕਿ ਆਸਟਰੇਲੀਆ ਨੇ ਮੁਲਕ ਦੇ ਇਤਿਹਾਸ ਵਿਚ ਪਹਿਲੀ ਵਾਰ ਘਰ ਪਰਤਣ ਵਾਲੇ ਆਪਣੇ ਨਾਗਰਿਕਾਂ ਉਤੇ ਆਰਜ਼ੀ ਪਾਬੰਦੀ ਲਾ ਦਿੱਤੀ ਸੀ। ਸਰਕਾਰ ਨੇ ਜੁਰਮਾਨਾ ਤੇ ਕੈਦ ਦੀ ਚਿਤਾਵਨੀ ਵੀ ਦਿੱਤੀ ਸੀ। ਸਰਕਾਰ ਦੇ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਹੋਇਆ ਸੀ। ਕਈ ਸੰਸਦ ਮੈਂਬਰਾਂ, ਡਾਕਟਰਾਂ, ਸਿਵਲ ਸੁਸਾਇਟੀ ਮੈਂਬਰਾਂ ਤੇ ਕਾਰੋਬਾਰੀਆਂ ਨੇ ਆਸਟਰੇਲਿਆਈ ਸਰਕਾਰ ਦੇ ਫ਼ੈਸਲੇ ਦੀ ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਆਸਟਰੇਲੀਆ ਸਰਕਾਰ ਸੰਕਟ ਦੇ ਸਮੇਂ ਆਪਣੇ ਹੀ ਨਾਗਰਿਕਾਂ ਦੀ ਬਾਂਹ ਨਹੀਂ ਫੜ ਰਹੀ। ਸਰਕਾਰ ਦਾ ਹੁਕਮ ਹੁਣ 15 ਮਈ ਨੂੰ ਆਪਣੇ-ਆਪ ਖ਼ਤਮ ਹੋ ਜਾਵੇਗਾ। ਇਸ ਤੋਂ ਪਹਿਲਾਂ ਕੌਮੀ ਸੁਰੱਖਿਆ ਕਮੇਟੀ ਦੀ ਅੱਜ ਇਕ ਬੈਠਕ ਹੋਈ, ਜਿਸ ਵਿਚ ਫ਼ੈਸਲਾ ਲਿਆ ਗਿਆ ਕਿ ਹੁਕਮ ਨੂੰ ‘15 ਤੋਂ ਅੱਗੇ ਵਧਾਉਣ ਦੀ ਲੋੜ ਨਹੀਂ ਹੈ।’ ਆਸਟਰੇਲੀਆ 15 ਤੋਂ 31 ਮਈ ਤੱਕ ਤਿੰਨ ਚਾਰਟਰ ਉਡਾਣਾਂ ਚਲਾਏਗਾ। ਪਹਿਲੀ ਉਡਾਣ 15 ਨੂੰ ਡਾਰਵਿਨ ਉਤਰੇਗੀ ਜਦਕਿ ਭਾਰਤ ਤੋਂ ਸਿੱਧੀਆਂ ਵਪਾਰਕ ਉਡਾਣਾਂ ਉਤੇ ਪਾਬੰਦੀ ਫ਼ਿਲਹਾਲ ਬਰਕਰਾਰ ਰਹੇਗੀ। ਮੌਰੀਸਨ ਨੇ ਕਿਹਾ ਕਿ ਉਡਾਣਾਂ ਉਨ੍ਹਾਂ ਨਾਗਰਿਕਾਂ ਤੇ ਆਵਾਸੀਆਂ ਨੂੰ ਪਹਿਲ ਦੇਣਗੀਆਂ ਜਿਨ੍ਹਾਂ ਨੇ ਭਾਰਤ ਵਿਚਲੇ ਆਸਟਰੇਲੀਆ ਦੇ ਹਾਈ ਕਮਿਸ਼ਨ ਤੇ ਕਾਊਂਸਲਰ ਦਫ਼ਤਰਾਂ ਕੋਲ ਰਜਿਸਟਰੇਸ਼ਨ ਕਰਵਾਈ ਹੈ। ਚਾਰਟਰ ਉਡਾਣਾਂ ਨੂੰ ਆਸਰੇਲਿਆਈ ਅਮਲਾ ਲਿਆਏਗਾ ਤੇ ਉਨ੍ਹਾਂ ਦਾ ਉਡਣ ਤੋਂ ਪਹਿਲਾਂ ਰੈਪਿਡ ਐਂਟੀਜਨ ਟੈਸਟ ਕੀਤਾ ਜਾਵੇਗਾ। ਤਿੰਨ ਉਡਾਣਾਂ ਡਾਰਵਿਨ ਉਤਰਨਗੀਆਂ। ਜਦਕਿ ਬਾਅਦ ਵਿਚ ਹੋਰ ਉਡਾਣਾਂ ਕੁਈਨਜ਼ਲੈਂਡ, ਨਿਊ ਸਾਊਥ ਵੇਲਜ਼ ਤੇ ਵਿਕਟੋਰੀਆ ਆਉਣਗੀਆਂ। ਮੌਰੀਸਨ ਨੇ ਕਿਹਾ ਕਿ ਉਡਾਣਾਂ ਉਤੇ ਤਿੰਨ ਹਫ਼ਤਿਆਂ ਦੀ ਪਾਬੰਦੀ ਲਾਉਣ ਨਾਲ ਇਕਾਂਤਵਾਸ ਕੇਂਦਰਾਂ ਵਿਚ ਲਾਗ਼ ਦੇ ਕੇਸ ਘਟ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਹੀ 20 ਹਜ਼ਾਰ ਨਾਗਰਿਕ ਭਾਰਤ ਤੋਂ ਪਰਤ ਆਏ ਹਨ ਬਾਕੀਆਂ ਨੂੰ ਹੁਣ 15 ਤੋਂ ਕੱਢਿਆ ਜਾਵੇਗਾ। ਆਸਟਰੇਲੀਆ ਦੀ ਗਰੀਨਜ਼ ਪਾਰਟੀ ਨੇ ਨਾਗਰਿਕਾਂ ਦੇ ਦਾਖ਼ਲ ਹੋਣ ’ਤੇ ਜੇਲ੍ਹ ਤੇ ਜੁਰਮਾਨਾ ਲਾਉਣ ਨੂੰ ਗ਼ੈਰਸੰਵਿਧਾਨਿਕ ਤੇ ਮਨੁੱਖੀ ਹੱਕਾਂ ਦੇ ਉਲਟ ਦੱਸਿਆ ਹੈ। ਪਾਰਟੀ ਦੇ ਸਦਨ ’ਚ ਨੇਤਾ ਐਮਪੀ ਐਡਮ ਨੇ ਕਿਹਾ ਕਿ ਉਹ ਅਗਲੇ ਹਫ਼ਤੇ ਸ਼ੁਰੂ ਹੋ ਰਹੇ ਪਾਰਲੀਮੈਂਟ ਸੈਸ਼ਨ ਵਿੱਚ ਸਰਕਾਰ ਨੂੰ ਇਸ ਮੁੱਦੇ ’ਤੇ ਘੇਰਨ ਦੀ ਤਿਆਰੀ ਵਿੱਚ ਹੈ। ਜ਼ਿਕਰਯੋਗ ਹੈ ਕਿ ਬੰਗਲੁਰੂ ਸ਼ਹਿਰ ਵਿੱਚ ਫਸੇ ਇੱਕ 73 ਸਾਲਾ ਆਸਟਰੇਲਿਆਈ ਨਾਗਰਿਕ ਨੇ ਘਰ ਵਾਪਸੀ ਲਈ ਵਕੀਲ ਰਾਹੀਂ ਆਸਟਰੇਲੀਆ ਦੀ ਸੰਘੀ ਅਦਾਲਤ ਦਾ ਬੂਹਾ ਖੜਕਾਇਆ ਹੈ।
ਮੋਦੀ ਤੇ ਮੌਰੀਸਨ ਵੱਲੋਂ ਵੈਕਸੀਨ ਅਤੇ ਦਵਾਈਆਂ ਦੇ ਮੁੱਦੇ ’ਤੇ ਚਰਚਾ
ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਆਸਟਰੇਲਿਆਈ ਹਮਰੁਤਬਾ ਸਕੌਟ ਮੌਰੀਸਨ ਨੇ ਅੱਜ ਵੈਕਸੀਨ ਤੇ ਦਵਾਈਆਂ ਤੱਕ ਸਾਰਿਆਂ ਦੀ ਬਰਾਬਰ ਪਹੁੰਚ ਯਕੀਨੀ ਬਣਾਉਣ ਦੇ ਮੁੱਦੇ ਉਤੇ ਵਿਚਾਰ-ਚਰਚਾ ਕੀਤੀ। ਦੋਵਾਂ ਨੇ ਫੋਨ ’ਤੇ ਇਸ ਮੰਤਵ ਦੀ ਪੂਰਤੀ ਲਈ ਚੁੱਕੇ ਜਾ ਸਕਣ ਵਾਲੇ ਕਦਮਾਂ ’ਤੇ ਵੀ ਚਰਚਾ ਕੀਤੀ। ਮੋਦੀ ਤੇ ਮੌਰੀਸਨ ਨੇ ਨੇਮਬੱਧ ਅਤੇ ਮੁਕਤ ਭਾਰਤ-ਪ੍ਰਸ਼ਾਂਤ ਖਿੱਤੇ ਦੀ ਅਹਿਮੀਅਤ ਨੂੰ ਵੀ ਉਭਾਰਿਆ। -ਪੀਟੀਆਈ