ਗੁਰਚਰਨ ਸਿੰਘ ਕਾਹਲੋਂ
ਸਿਡਨੀ, 11 ਨਵੰਬਰ
ਆਸਟਰੇਲੀਆ ਹੁਣ ਜ਼ੀਰੋ ਕਾਰਬਨ ਗਰੀਨ ਧਾਤਾਂ ਦਾ ਮੁੱਖ ਉਤਪਾਦਕ ਬਣਨ ਦੀ ਕੋਸ਼ਿਸ਼ ਵਿੱਚ ਹੈ। ਇਸ ਤੋਂ ਪਹਿਲਾਂ ਇਹ ਸੋਨਾ, ਕੋਲਾ, ਲੋਹਾ, ਐਲੂਮੀਨੀਅਮ ਦਾ ਮੋਹਰੀ ਉਤਪਾਦਕ ਰਿਹਾ ਹੈ। ਕੋਵਿਡ ਤੋਂ ਬਾਅਦ ਹੁਣ ਗਰੀਨ ਧਾਤਾਂ ਦੀ ਦੌੜ ਵਿੱਚ ਮੁੱਖ ਤੌਰ ’ਤੇ ਸੰਸਾਰ ਦੇ ਗਰੁੱਪਾਂ ਵਿਚ ਤਿੰਨ-ਤਿੰਨ ਦੇਸ਼ ਜੁੜੇ ਹਨ। ਪਹਿਲੇ ’ਚ ਆਸਟਰੇਲੀਆ, ਅਮਰੀਕਾ, ਯੂਕੇ, ਕੈਨੇਡਾ ਤੇ ਨਿਊਜ਼ੀਲੈਂਡ, ਦੂਜੇ ’ਚ ਸਵੀਡਨ, ਫਿਨਲੈਂਡ, ਨਾਰਵੇ ਤੇ ਡੈਨਮਾਰਕ ਅਤੇ ਤੀਜੇ ’ਚ ਜਰਮਨੀ, ਇਟਲੀ, ਸਪੇਨ ਤੇ ਫਰਾਂਸ ਸ਼ਾਮਲ ਹਨ। ਇਨ੍ਹਾਂ ਦਾ ਟੀਚਾ ਆਰਥਿਕਤਾ ਤੇ ਵਪਾਰ ਦੀ ਮਜ਼ਬੂਤੀ ਅਤੇ ਚੀਨ ਤੋਂ ਦੂਰੀ ਰੱਖ ਕੇ ਸੁਤੰਤਰ ਸਪਲਾਈ ਚੇਨ ਬਣਾਉਣਾ ਹੈ। ਵਿਗੜ ਰਹੀ ਜਲਵਾਯੂ ਤੇ ਲੋਕ ਵਿਰੋਧ ਕਾਰਨ ਕੋਲਾ ਆਧਾਰਿਤ ਥਰਮਲ ਪਲਾਂਟਾਂ ਨੂੰ ਬੰਦ ਕਰਕੇ ਬਿਜਲੀ ਉਤਪਾਦਨ ਨੂੰ ਸੂਰਜੀ ਜਾਂ ਯੂਰੇਨੀਅਮ ਪਾਵਰ ਪਲਾਂਟਾਂ ਵਿਚ ਤਬਦੀਲ ਕਰਨ ਦੀ ਯੋਜਨਾ ਹੈ। ਇਹ ਦੇਸ਼ ਪੈਟਰੋਲੀਅਮ ਦੀ ਥਾਂ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ’ਚ ਜੁਟ ਗਏ ਹਨ। ਆਮ ਇਲੈਕਟ੍ਰਿਕ ਕਾਰ ’ਚ 70 ਕਿਲੋਵਾਟਸ ਦੀਆਂ ਇਲੈਕਟ੍ਰਿਕ ਬੈਟਰੀਆਂ ਅਤੇ ਮੋਟਰਾਂ ਹਨ।
ਇਲੈਕਟ੍ਰਿਕ ਬੈਟਰੀਆਂ ਨਿਕਲ, ਕੋਬਾਲਟ ਤੇ ਮੈਂਗਨੀਜ਼ ਧਾਤ ਦੀ ਮਿਸ਼ਰਤ ਤਕਨੀਕ ਨਾਲ ਬਣਦੀਆਂ ਹਨ। ਹਰ ਬੈਟਰੀ ਦੀ ਕੀਮਤ ਲਗਭਗ 10 ਲੱਖ ਰੁਪਏ ਹੈ ਅਤੇ ਇਹ ਲਿਥੀਅਮ, ਗ੍ਰੇਫਾਈਟ, ਕੋਬਾਲਟ ਦੀ ਬਣਦੀ ਹੈ। ਹਰ ਇਲੈਕਟ੍ਰਿਕ ਕਾਰ ਦੀ ਬੈਟਰੀ ਵਿੱਚ 70 ਕਿਲੋ ਲਿਥੀਅਮ, 70 ਕਿਲੋ ਗ੍ਰੈਫਾਈਟ ਹੈ। ਲਿਥੀਅਮ, ਗ੍ਰੈਫਾਈਟ, ਕੋਬਾਲਟ, ਨਿਓਡੀਮੀਅਮ, ਪ੍ਰਸੋਡੀਅਮ ਅਤੇ ਡੀਸਰਪ੍ਰੋਸੀਅਮ ਦੀ ਵਰਤਮਾਨ ਵਿੱਚ ਚੀਨ ਵਿੱਚ ਖੁਦਾਈ ਕੀਤੀ ਜਾਂਦੀ ਹੈ। ਪੱਛਮੀ ਦੇਸ਼, ਅਮਰੀਕਾ ਨਾਲ ਚੀਨ ਦੇ ਤਣਾਅ ਦੇ ਮੱਦੇਨਜ਼ਰ ਆਪਸੀ ਸਹਿਯੋਗ ਨਾਲ ਆਤਮ ਨਿਰਭਰ ਹੋਣਾ ਲੋਚਦੇ ਹਨ।