ਤੇਜਸ਼ਦੀਪ ਸਿੰਘ ਅਜਨੌਦਾ
ਮੈਲਬਰਨ, 2 ਸਤੰਬਰ
ਆਸਟਰੇਲੀਆ ਸਰਕਾਰ ਨੇ ਅੱਜ ਆਪਣੀ ਆਵਾਸ ਨੀਤੀ ਨਰਮ ਕਰਦਿਆਂ ਹੁਨਰਮੰਦ ਕਾਮਿਆਂ ਵਾਸਤੇ ਪੱਕੇ ਵੀਜ਼ੇ ਜਾਰੀ ਕਰਨ ਦਾ ਕੋਟਾ ਵਧਾ ਦਿੱਤਾ ਹੈ, ਜਿਸ ਅਨੁਸਾਰ ਸਾਲ 2022-23 ਦੌਰਾਨ ਪਿਛਲੇ ਸਾਲਾਂ ਦੇ ਮੁਕਾਬਲੇ ਹੋਰ 35 ਹਜ਼ਾਰ ਪੱਕੇ ਵੀਜ਼ੇ ਜਾਰੀ ਕੀਤੇ ਜਾਣਗੇ। ਇਸ ਤਹਿਤ ਮੁਲਕ ਵਿੱਚ ਪਹਿਲਾਂ ਤੋਂ ਹੀ ਰਹਿ ਰਹੇ ਅਸਥਾਈ ਵੀਜ਼ਾ ਧਾਰਕਾਂ ਨੂੰ ਪਹਿਲ ਦਿੱਤੀ ਜਾਵੇਗੀ। ਰਾਜਧਾਨੀ ਕੈਨਬਰਾ ਵਿੱਚ ਦੋ ਰੋਜ਼ਾ ਕੌਮੀ ਸੰਮੇਲਨ ਦੌਰਾਨ ਗ੍ਰਹਿ ਮੰਤਰੀ ਨੇ ਇਹ ਐਲਾਨ ਕਰਦਿਆਂ ਕਾਮਿਆਂ ਦੀ ਭਾਰੀ ਕਿੱਲਤ ਨਾਲ ਜੂਝ ਰਹੇ ਵਪਾਰਾਂ ਨੂੰ ਵੀ ਰਾਹਤ ਦਿੱਤੀ ਹੈ। ਹਾਲਾਂਕਿ ਇਹ ਕੋਟਾ ਅਗਲੇ ਸਾਲ ਵੀ ਜਾਰੀ ਰਹਿਣ ਬਾਰੇ ਕੋਈ ਠੋਸ ਐਲਾਨ ਜਾਂ ਵਾਅਦਾ ਸਾਹਮਣੇ ਨਹੀਂ ਆਇਆ। ਇਸੇ ਤਰ੍ਹਾਂ ਇੱਥੇ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਹੁਣ ਚਾਰ ਸਾਲ ਦਾ ਵਰਕ ਵੀਜ਼ਾ, ਮਾਸਟਰ ਡਿਗਰੀ ਮਗਰੋਂ ਪੰਜ ਸਾਲ ਅਤੇ ਪੀਐੱਚਡੀ ਮਗਰੋਂ ਛੇ ਸਾਲ ਦਾ ਵਰਕ ਵੀਜ਼ਾ ਮਿਲੇਗਾ। ਇਸ ਐਲਾਨ ਤਹਿਤ ਵੱਡੇ ਸ਼ਹਿਰਾਂ ਦੇ ਮੁਕਾਬਲੇ ਖੇਤਰੀ ਆਸਟਰੇਲੀਆ ਵਿੱਚ ਪੱਕੇ ਹੋਣ ਦੇ ਵਧੇਰੇ ਮੌਕੇ ਦਿੱਤੇ ਜਾਣਗੇ। ਵੱਖ ਵੱਖ ਸ਼੍ਰੇਣੀਆਂ ਤਹਿਤ ਵੀਜ਼ਾ ਅਰਜ਼ੀਆਂ ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਵਾਸਤੇ ਸਰਕਾਰ ਨੇ ਅਗਲੇ ਮਹੀਨਿਆਂ ਵਿੱਚ 900 ਵੀਜ਼ਾ ਅਫ਼ਸਰ ਭਰਤੀ ਕਰਨ ਲਈ 36 ਮਿਲੀਅਨ ਡਾਲਰ ਦੀ ਰਾਸ਼ੀ ਐਲਾਨੀ ਹੈ। ਸੰਮੇਲਨ ਦੌਰਾਨ ਇੱਕ ਆਜ਼ਾਦ ਸੰਸਦ ਮੈਂਬਰ ਨੇ ਕਿਹਾ ਕਿ ਆਸਟਰੇਲੀਆ ਨੂੰ ਬਾਹਰਲੇ ਪਾੜ੍ਹਿਆਂ ਦੇ ਹੁਨਰਾਂ ਦੀ ਕਦਰ ਨਹੀਂ, ਜਿਸ ਕਰਕੇ ਮਾਸਟਰ ਡਿਗਰੀਆਂ ਵਾਲੇ ਲੋਕ ਵੀ ਇੱਥੇ ਡਰਾਈਵਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮਨੁੱਖੀ ਯੋਗਤਾਵਾਂ ਦੀ ਸਹੀ ਕਦਰ ਯਕੀਨੀ ਬਣਾਉਣੀ ਪਵੇਗੀ।