ਹਰਜੀਤ ਲਸਾੜਾ
ਬ੍ਰਿਸਬੇਨ, 2 ਜੁਲਾਈ
ਇੱਥੇ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਕਾਰਨ ਅਤੇ ਦੇਸ਼ ਦੀ ਆਰਥਿਕਤਾ ਦੀ ਬਹਾਲੀ ਲਈ ਆਸਟਰੇਲਿਆਈ ਪਰਵਾਸ ਵਿਭਾਗ (ਇਮੀਗ੍ਰੇਸ਼ਨ) ਪਹਿਲੀ ਜੁਲਾਈ 2020 ਤੋਂ (ਨਵੇਂ ਵਿੱਤੀ ਵਰ੍ਹੇ) ਵਿਦੇਸ਼ੀ ਪਾੜ੍ਹਿਆਂ, ਹੁਨਰਮੰਦ ਪਰਵਾਸੀਆਂ, ਸਹਿਭਾਗੀ ਅਤੇ ਬਜ਼ੁਰਗ ਮਾਪਿਆਂ ਲਈ ਨਵੇਂ ਨਿਯਮ ਲਿਆ ਰਿਹਾ ਹੈ। ਨਵੀਂ ਪਰਵਾਸ ਨੀਤੀ ਵਿੱਚ ਇਹ ਸਪੱਸ਼ਟ ਹੈ ਕਿ ਹੁਨਰਮੰਦ ਬਿਨੈਕਾਰਾਂ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਔਫਸ਼ੋਰ ਵੀਜ਼ਾ ਬਿਨੈਕਾਰ ਦੇਰੀ ਨਾਲ ਵਿਚਾਰੇ ਜਾਣਗੇ।
ਵਿਕਟੋਰੀਆ ’ਚ ਵਿੱਤੀ ਸਾਲ 2020-21 ਵਿਚ ਹੁਨਰਮੰਦ ਨਾਮਜ਼ਦ (ਸਥਾਈ) ਵੀਜ਼ਾ (ਸਬ-ਕਲਾਸ 190) ਅਤੇ ਸਕਿੱਲਡ ਵਰਕ ਰਿਜਨਲ (ਪ੍ਰੋਵੀਜ਼ਨਲ) ਵੀਜ਼ਾ (ਸਬ-ਕਲਾਸ 491) ਲਈ ਨਵੀਆਂ ਅਰਜ਼ੀਆਂ ਸਵੀਕਾਰ ਕਰਨਾ ਆਰੰਭ ਕਰੇਗਾ। ਦੱਖਣੀ ਆਸਟਰੇਲੀਆ ਸੂਬਾ ਅਗਸਤ ਦੇ ਸ਼ੁਰੂ ਵਿਚ 190/491 ਲਈ ਆਪਣੀ ਨਾਮਜ਼ਦਗੀ ਦੁਬਾਰਾ ਖੋਲ੍ਹਣ ਜਾ ਰਿਹਾ ਹੈ। ਪੱਛਮੀ ਆਸਟਰੇਲੀਆ ਨੇ 16 ਜੂਨ 2020 ਨੂੰ ਉਨ੍ਹਾਂ ਦੇ ਕਿੱਤੇ ਦੀ ਸੂਚੀ ਵਿੱਚ ਤਬਦੀਲੀਆਂ ਤਹਿਤ ਰਜਿਸਟਰਡ ਨਰਸ (ਮਾਨਸਿਕ ਸਿਹਤ) (254422) ਨੂੰ ਹਟਾ ਦਿੱਤਾ ਅਤੇ ਪ੍ਰਮਾਣੂ ਮੈਡੀਸਨ ਟੈਕਨੋਲੋਜਿਸਟ (251213) ਅਤੇ ਭੌਤਿਕ ਵਿਗਿਆਨੀ (234914) ਨੂੰ ਸ਼ਾਮਲ ਕੀਤਾ ਹੈ। ਸੂਬਾ ਕੁਈਨਜ਼ਲੈਂਡ ਨੇ ਵਪਾਰ ਅਤੇ ਹੁਨਰਮੰਦ ਮਾਈਗ੍ਰੇਸ਼ਨ ਪ੍ਰੋਗਰਾਮ (ਬੀਐੱਸਐਮਕਿਊ) ਦੀ ਨਾਮਜ਼ਦਗੀ ਬੰਦ ਕਰ ਦਿੱਤੀ ਹੈ ਅਤੇ ਵਿੱਤੀ ਸਾਲ 2020-21 ਲਈ ਨਾਮਜ਼ਦਗੀ ਅਲਾਟਮੈਂਟ ਦੇ ਸਬੰਧ ਵਿਚ ਰਾਜ ਹੁਣ ਗ੍ਰਹਿ ਵਿਭਾਗ ਦੀ ਸਲਾਹ ਦੀ ਉਡੀਕ ਕਰ ਰਿਹਾ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਨੁਸਾਰ ਇਹ ਤਬਦੀਲੀਆਂ ਥੋੜ੍ਹੇ ਸਮੇਂ ਲਈ ਹੋਣਗੀਆਂ ਪਰ ਵਧੇਰੇ ਮਹੱਤਵਪੂਰਨ ਹਨ ਅਤੇ ਸੰਘੀ ਸਰਕਾਰ ਦਾ ਧਿਆਨ ਅਸਥਾਈ ਪਰਵਾਸੀਆਂ ਦੀ ਸੋਚ ਦੀ ਰਾਖੀ ਵੱਲ ਹੋਵੇਗਾ।
ਹਾਂਗਕਾਂਗ ਦੇ ਨਾਗਰਿਕਾਂ ਨੂੰ ਸੁਰੱਖਿਅਤ ਪਨਾਹ ਦੇਣ ’ਤੇ ਵਿਚਾਰ ਕਰ ਰਿਹੈ ਆਸਟੇਰਲੀਆ
ਮੈਲਬੌਰਨ: ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਅੱਜ ਕਿਹਾ ਕਿ ਚੀਨ ਵਲੋਂ ਲਾਗੂ ਕੀਤੇ ਵਿਵਾਦਿਤ ਸੁਰੱਖਿਆ ਕਾਨੂੰਨ ਕਾਰਨ ਸਹਿਮੇ ਹਾਂਗਕਾਂਗ ਦੇ ਨਾਗਰਿਕਾਂ ਨੂੰ ਸੁਰੱਖਿਅਤ ਪਨਾਹ ਦੇਣ ਦੇ ਮੁੱਦੇ ’ਤੇ ਆਸਟੇਰਲੀਆ ਵਲੋਂ ‘ਜ਼ੋਰ-ਸ਼ੋਰ ਨਾਲ ਵਿਚਾਰ’ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਕੇ ਵਲੋਂ ਹਾਂਗਕਾਂਗ ਵਾਸੀਆਂ ਨੂੰ ਦਿੱਤੇ ਮੌਕਿਆਂ ਦੀ ਤਰਜ਼ ’ਤੇ ਊਨ੍ਹਾਂ ਦੀ ਕੈਬਨਿਟ ਵਲੋਂ ਵੀ ਜਲਦੀ ਹੀ ਵਿਚਾਰ ਕੀਤਾ ਜਾਵੇਗਾ। -ਪੀਟੀਆਈ