ਵੈਨਕੂਵਰ: ਸਰੀ ਨਾਲ ਲੱਗਦੇ ਵਾਈਟ ਰੌਕ ਬੀਚ ’ਤੇ ਲੰਘੇ ਹਫਤੇ ਘੁੰਮਣ ਗਏ ਲੋਕਾਂ ’ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰਨ ਵਾਲੇ 28 ਸਾਲਾ ਨੌਜਵਾਨ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਪਰ ਪੁਲੀਸ ਨੇ ਉਸ ਦੀ ਪਛਾਣ ਨਹੀਂ ਦੱਸੀ। ਪਤੀ ਪਤਨੀ ਜਤਿੰਦਰ ਸਿੰਘ ਤੇ ਮਨਪ੍ਰੀਤ ਕੌਰ ਸੈਲਾਨੀ ਵੀਜ਼ੇ ’ਤੇ ਕੈਨੇਡਾ ਆਏ ਸਨ ਜਿਨ੍ਹਾਂ ਵਿਚੋਂ ਜਤਿੰਦਰ ’ਤੇ ਮੁਲਜ਼ਮ ਨੇ 21 ਅਪਰੈਲ ਨੂੰ ਛੁਰੇ ਨਾਲ ਵਾਰ ਕੀਤੇ। ਇਸ ਹਮਲੇ ਵਿਚ ਜਤਿੰਦਰ ਸਿੰਘ ਦੀ ਜਾਨ ਤਾਂ ਬਚ ਗਈ ਪਰ ਉਹ ਹਾਲੇ ਇਲਾਜ ਅਧੀਨ ਹੈ। ਇਸ ਹੁਲੀਏ ਵਾਲੇ ਵਿਅਕਤੀ ਨੇ 23 ਅਪਰੈਲ ਨੂੰ ਮੁੜ ਉਸ ਥਾਂ ’ਤੇ ਘੁੰਮਦੇ ਹੋਏ ਕੁਲਵਿੰਦਰ ਸਿੰਘ ਸੋਹੀ (28) ’ਤੇ ਹਮਲਾ ਕੀਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੂਜੀ ਘਟਨਾ ਤੋਂ ਬਾਅਦ ਪੁਲੀਸ ਦੀ ਆਲੋਚਨਾ ਹੋਣ ਲੱਗ ਪਈ ਸੀ। ਹੱਤਿਆਵਾਂ ਦੀ ਜਾਂਚ ਕਰਦੇ ਸੰਗਠਿਤ ਟੀਮ ਦੇ ਬੁਲਾਰੇ ਸਾਰਜੈਂਟ ਟਿਮੋਥੀ ਪਾਇਰੋਟੀ ਅਨੁਸਾਰ 28 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਪਤਾ ਲਾਇਆ ਜਾ ਰਿਹਾ ਹੈ ਕਿ ਕੀ ਉਹ ਦੋਵੇਂ ਘਟਨਾਵਾਂ ਵਿਚ ਸ਼ਾਮਲ ਸੀ ਜਾਂ ਨਹੀਂ। ਇਹ ਪਤਾ ਲੱਗਿਆ ਹੈ ਕਿ ਕਤਲ ਕਰਨ ਵਾਲਾ ਸਿਆਹਫਾਮ ਹੋ ਸਕਦਾ ਹੈ ਤੇ ਪੁਲੀਸ ਨੇ ਫਿਰਕੂ ਨਫਰਤ ਦੇ ਖਦਸ਼ੇ ਨੂੰ ਧਿਆਨ ਵਿਚ ਰੱਖ ਕੇ ਉਸ ਦੀ ਪਛਾਣ ਜਨਤਕ ਨਹੀਂ ਕੀਤੀ। -ਏਪੀ