ਕਾਬੁਲ, 22 ਸਤੰਬਰ
ਪੂਰਬੀ ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨ ਵਾਹਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਦੋ ਵੱਖੋ ਵੱਖ ਹਮਲਿਆਂ ਵਿੱਚ ਘੱਟੋ-ਘੱਟ ਦੋ ਤਾਲਿਬਾਨ ਲੜਾਕੇ ਤੇ ਤਿੰਨ ਆਮ ਨਾਗਰਿਕਾਂ ਦੀ ਮੌਤ ਹੋ ਗਈ। ਅਗਸਤ ਵਿੱਚ ਦੇਸ਼ ਵਿੱਚ ’ਤੇ ਕਾਬਜ਼ ਹੋਣ ਮਗਰੋਂ ਤਾਲਿਬਾਨ ਹਾਕਮਾਂ ’ਤੇ ਇਹ ਪਲੇਠਾ ਹਮਲਾ ਹੈ। ਪਹਿਲੇ ਹਮਲੇ ਵਿੱਚ ਬੰਦੂਕਧਾਰੀਆਂ ਨੇ ਜਲਾਲਬਾਦ ਦੀ ਸੂਬਾਈ ਰਾਜਧਾਨੀ ਦੇ ਸਥਾਨਕ ਗੈਸ ਸਟੇਸ਼ਨ ’ਤੇ ਤਾਲਿਬਾਨ ਦੇ ਵਾਹਨ ’ਤੇ ਗੋਲੀਆਂ ਚਲਾਈਆਂ। ਹਮਲੇ ਵਿੱਚ ਦੋ ਲੜਾਕੇ ਤੇ ਗੈਸ ਸਟੇਸ਼ਨ ਦੇ ਵਰਕਰ ਦੀ ਜਾਨ ਜਾਂਦੀ ਰਹੀ। ਚਸ਼ਮਦੀਦਾਂ ਮੁਤਾਬਕ ਹਮਲੇ ਵਿੱਚ ਇਕ ਬੱਚਾ ਵੀ ਮਾਰਿਆ ਗਿਆ। ਤਾਲਿਬਾਨ ’ਤੇ ਕੀਤੇ ਦੂਜੇ ਹਮਲੇ ਵਿੱਚ ਇਕ ਹੋਰ ਬੱਚਾ ਤੇ ਦੋ ਤਾਲਿਬਾਨ ਦੀ ਜਾਨ ਜਾਂਦੀ ਰਹੀ। ਤਾਲਿਬਾਨ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਧਮਾਕੇ ਨੇੜੇ ਖੜ੍ਹਾ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਉਂਜ ਅਜੇ ਤੱਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਜਦੋਂਕਿ ਇਸਲਾਮਿਕ ਸਟੇਟ ਵੱਲੋਂ ਪਿਛਲੇ ਹਫ਼ਤੇ ਜਲਾਲਾਬਾਦ ਵਿੱਚ ਕੀਤੇ ਮਿਲਦੇ ਜੁਲਦੇ ਹਮਲਿਆਂ ਵਿੱਚ ਅੱਠ ਜਣੇ ਮਾਰੇ ਗਏ ਸਨ। -ਏਪੀ