ਕਾਬੁਲ, 27 ਅਕਤੂਬਰ
ਤਾਲਿਬਾਨ ਵੱਲੋਂ ਪੂਰਬੀ ਅਫ਼ਗਾਨਿਸਤਾਨ ਦੇ ਖੋਸਤ ਸੂਬੇ ਵਿੱਚ ਇੱਕ ਪੁਲੀਸ ਅੱਡੇ ’ਤੇ ਅੱਜ ਹਮਲਾ ਕੀਤਾ ਗਿਆ, ਜਿਸ ਵਿੱਚ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਖੋਸਤ ਸੂਬੇ ਦੇ ਸਿਹਤ ਡਾਇਰੈਕਟਰ ਹਬੀਬ ਸ਼ਾਹ ਅੰਸਾਰੀ ਨੇ ਦੱਸਿਆ ਕਿ ਹੁਣ ਤੱਕ ਤਿੰਨ ਲਾਸ਼ਾਂ ਅਤੇ ਲਗਪਗ 30 ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ। ਖੋਸਤ ਵਿੱਚ ਇਹ ਹਮਲਾ ਅਜਿਹੇ ਸਮੇਂ ਹੋਇਆ, ਜਦੋਂ ਪਹਿਲੀ ਵਾਰ ਦੋਵਾਂ ਧਿਰਾਂ ਵਿਚਾਲੇ ਕਤਰ ਵਿੱਚ ਸ਼ਾਂਤੀ ਸਬੰਧੀ ਗੱਲਬਾਤ ਹੋਈ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਅਰਾਂ ਨੇ ਦੱਸਿਆ ਕਿ ਪੁਲੀਸ ਸਪੈਸ਼ਲ ਫੋਰਸ ਦੇ ਇੱਕ ਅੱਡੇ ਕੋਲ ਅੱਜ ਸਵੇਰੇ ਧਮਾਕਾਖੇਜ ਸਮੱਗਰੀ ਨਾਲ ਭਰੇ ਇੱਕ ਵਾਹਨ ਰਾਹੀਂ ਧਮਾਕਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਫੌਜ ਨਾਲ ਹੋਏ ਮੁਕਾਬਲੇ ਵਿੱਚ ਹੁਣ ਤੱਕ ਘੱਟੋ- ਘੱਟ ਚਾਰ ਹਮਲਾਵਰ ਮਾਰੇ ਗਏ, ਜਦੋਂਕਿ ਮੁਕਾਬਲਾ ਜਾਰੀ ਹੈ। -ਪੀਟੀਆਈ