ਸੰਯੁਕਤ ਰਾਸ਼ਟਰ/ਪੇਈਚਿੰਗ, 17 ਜੂਨ
ਚੀਨ ਨੇ ਲਸ਼ਕਰ-ਏ-ਤਇਬਾ ਦੇ ਸੀਨੀਅਰ ਪਾਕਿਸਤਾਨੀ ਅਤਿਵਾਦੀ ਅਬਦੁੱਲ ਰਹਿਮਾਨ ਮੱਕੀ ਨੂੰ ਸੰਯੁਕਤ ਰਾਸ਼ਟਰ ਦੀ ਪਾਬੰਦੀ ਕਮੇਟੀ ਤਹਿਤ ਆਲਮੀ ਅਤਿਵਾਦੀ ਐਲਾਨੇ ਜਾਣ ਸਬੰਧੀ ਭਾਰਤ ਤੇ ਅਮਰੀਕਾ ਵੱਲੋਂ ਪੇਸ਼ ਸਾਂਝੇ ਮਤੇ ਨੂੰ ਰੋਕ ਦਿੱਤਾ ਹੈ। ਚੀਨ ਨੇ ਆਪਣੇ ਇਸ ਕਦਮ ਨੂੰ ਢੁਕਵਾਂ ਤੇ ਨਿਯਮਾਂ ਦੇ ਅਨੁਸਾਰ ਕਰਾਰ ਦਿੱਤਾ ਹੈ। ਅਮਰੀਕਾ ਨੇ ਮੱਕੀ ਨੂੰ ਅਤਿਵਾਦੀ ਐਲਾਨਿਆ ਹੋਇਆ ਹੈ। ਮੱਕੀ ਲਸ਼ਕਰ-ਏ-ਤਇਬਾ ਦੇ ਸਰਗਨੇ ਤੇ 26/11 ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਦਾ ਰਿਸ਼ਤੇਦਾਰ ਹੈ। ਅਮਰੀਕਾ ਲਸ਼ਕਰ-ਏ-ਤਇਬਾ ਨੂੰ ਵੀ ਵਿਦੇਸ਼ੀ ਅਤਿਵਾਦੀ ਸੰਗਠਨ (ਐੱਫਟੀਓ) ਐਲਾਨ ਚੁੱਕਿਆ ਹੈ, ਜਿਸ ਵਿੱਚ ਮੱਕੀ (74) ਕਈ ਅਹਿਮ ਭੂਮਿਕਾਵਾਂ ਨਿਭਾਉਂਦਾ ਰਿਹਾ ਹੈ। ਭਾਰਤ ਤੇ ਅਮਰੀਕਾ ਦੋਵਾਂ ਨੇ ਮੱਕੀ ਨੂੰ ਆਪੋ-ਆਪਣੇ ਦੇਸ਼ ਦੇ ਕਾਨੂੰਨਾਂ ਤਹਿਤ ਅਤਿਵਾਦੀ ਐਲਾਨ ਰੱਖਿਆ ਹੈ। ਇਨ੍ਹਾਂ ਦੋਵਾਂ ਦੇਸ਼ਾਂ ਨੇ ਪਹਿਲੀ ਜੂਨ ਨੂੰ ਮੱਕੀ ਨੂੰ ਸੰਯੁਕਤ ਰਾਸ਼ਟਰ ਕੌਂਸਲ ਦੀ ਪਾਬੰਦੀ ਕਮੇਟੀ ਤਹਿਤ ਸੂਚੀਬੱਧ ਕਰਨ ਦਾ ਸਾਂਝੇ ਤੌਰ ’ਤੇ ਮਤਾ ਪੇਸ਼ ਕੀਤਾ ਸੀ। ਇਸ ਨੂੰ ਯੂਐੱਨਏਸੀ 1267 ਕਮੇਟੀ ਵਜੋਂ ਵੀ ਜਾਣਿਆ ਜਾਂਦਾ ਹੈ। ਪਰ ਪਾਕਿਸਤਾਨ ਦੇ ਕਰੀਬੀ ਸਹਿਯੋਗੀ ਚੀਨ ਨੇ ਮੱਕੀ ਨੂੰ ਸੂਚੀਬੱਧ ਕਰਨ ਦੇ ਮਤੇ ’ਤੇ ਤਕਨੀਕੀ ਤੌਰ ’ਤੇ ਰੋਕ ਲਾ ਦਿੱਤੀ । ਕਮੇਟੀ ਦੇ ਸਾਰੇ ਫ਼ੈਸਲੇ ਆਮ ਸਹਿਮਤੀ ਨਾਲ ਲਏ ਜਾਂਦੇ ਹਨ। -ਪੀਟੀਆਈ
ਤਜਵੀਜ਼ ’ਤੇ ਰੋਕ ਨੇਮਾਂ ਮੁਤਾਬਕ: ਚੀਨ
ਪੇਈਚਿੰਗ: ਚੀਨ ਨੇ ਲਸ਼ਕਰ ਦਹਿਸ਼ਤਗਰਦ ਅਬਦੁਲ ਰਹਿਮਾਨ ਮੱਕੀ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਸਬੰਧੀ ਭਾਰਤ ਤੇ ਅਮਰੀਕਾ ਦੀ ਸਾਂਝੀ ਤਜਵੀਜ਼ ਵਿੱਚ ਤਕਨੀਕੀ ਅੜਿੱਕਾ ਡਾਹੁਣ ਦੀ ਆਪਣੀ ਕਾਰਵਾਈ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਸਭ ਕੁਝ ਨੇਮਾਂ ਮੁਤਾਬਕ ਕੀਤਾ ਗਿਆ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵੈਂਗ ਵੈੱਨਬਿਨ ਨੇ ਕਿਹਾ, ‘‘ਚੀਨ ਅਤਿਵਾਦ ਦੇ ਸਾਰੇ ਸਰੂਪਾਂ ਦਾ ਵਿਰੋਧ ਕਰਦਾ ਹੈ ਤੇ ਯੂਐੱਨਐੱਸਸੀ ਦੀ 1267 ਕਮੇਟੀ ਵਿੱਚ ਚੀਨ ਨੇ ਹਮੇਸ਼ਾ ਢੁਕਵੇਂ ਨੇਮਾਂ ਤੇ ਅਮਲ ਦੀ ਪਾਲਣਾ ਕੀਤੀ ਹੈ। ਚੀਨ ਅੱਗੋਂ ਵੀ ਉਸਾਰੂ ਤੇ ਜ਼ਿੰਮੇਵਾਰੀ ਦੇ ਰਵੱਈਏ ਨਾਲ ਕੰਮ ਕਰਦਾ ਰਹੇਗਾ।’’ -ਪੀਟੀਆਈ