ਜੋਹੈਨਸਬਰਗ, 26 ਜੂਨ
ਦੱਖਣੀ ਅਫਰੀਕਾ ਦੀ ਪੁਲੀਸ ਸਾਹਿਲੀ ਸ਼ਹਿਰ ਪੂਰਬੀ ਲੰਡਨ ਦੇ ਇੱਕ ਨਾਈਟ ਕਲੱਬ ’ਚ ਅੱਜ ਤੜਕੇ ਘੱਟੋ-ਘੱਟ 20 ਵਿਅਕਤੀਆਂ ਦੀ ਮੌਤ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਨ੍ਹਾਂ ਨੌਜਵਾਨਾਂ ਦੀ ਮੌਤ ਦੇ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕੇ ਜੋ ਸਕੂਲ ਦੀ ਪ੍ਰੀਖਿਆ ਖਤਮ ਹੋਣ ਦਾ ਜਸ਼ਨ ਮਨਾਉਣ ਲਈ ਇੱਕ ਪਾਰਟੀ ’ਚ ਸ਼ਾਮਲ ਹੋਏ ਸਨ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਲਾਸ਼ਾਂ ਮੇਜ਼ਾਂ ਤੇ ਕੁਰਸੀਆਂ ’ਤੇ ਪਈਆਂ ਸਨ ਅਤੇ ਕਿਸੇ ਤਰ੍ਹਾਂ ਦੀ ਸੱਟ ਕੋਈ ਨਿਸ਼ਾਨ ਨਹੀਂ ਸੀ। ਸਿਹਤ ਵਿਭਾਗ ਦੇ ਤਰਜਮਾਨ ਸਿਆਂਦਾ ਮਨਾਨਾ ਨੇ ਕਿਹਾ ਕਿ ਉਹ ਮੌਤ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕਰ ਸਕਦੇ। ਕਲੱਬ ਦੇ ਮਾਲਕ ਨੇ ਘਟਨਾ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। -ਏਪੀ