ਤਲ ਅਵੀਵ, 26 ਜੁਲਾਈ
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਵੱਲੋਂ ਕਰੋਨਾਵਾਇਰਸ ਸੰਕਟ ਨਾਲ ਨਜਿੱਠਣ ਲਈ ਅਪਣਾਈ ਰਣਨੀਤੀ ਤੋਂ ਨਾਰਾਜ਼ ਹਜ਼ਾਰਾਂ ਹੀ ਲੋਕਾਂ ਨੇ ਪੂਰੇ ਮੁਲਕ ’ਚ ਰੋਸ ਮੁਜ਼ਾਹਰੇ ਕੀਤੇ, ਜਿਸ ਦੌਰਾਨ ਬੀਤੀ ਰਾਤ ਦਰਜਨਾਂ ਇਜ਼ਰਾਈਲੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਮੁਤਾਬਕ ਹਜ਼ਾਰਾਂ ਹੀ ਲੋਕ ਯੇਰੂਸ਼ਲੱਮ ਵਿੱਚ ਨੇਤਨਯਾਹੂ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਜਦਕਿ ਹਜ਼ਾਰਾਂ ਲੋਕ ਤਲ ਅਵੀਵ ’ਚ ਸਥਿਤ ਇੱਕ ਪਾਰਕ ’ਚ ਇਕੱਠੇ ਹੋਏ ਤੇ ਨੇਤਨਯਾਹੂ ਖ਼ਿਲਾਫ਼ ਮੁਜ਼ਾਹਰਾ ਕਰਦਿਆਂ ਉਸ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਉਸ ਵੱਲੋਂ ਕਰੋਨਾਵਾਇਰਸ ਸੰਕਟ ਨਾਲ ਨਜਿੱਠਣ ਲਈ ਅਪਣਾਈ ਨੀਤੀ ਦੀ ਨਿਖੇਧੀ ਕੀਤੀ। ਪਿਛਲੇ ਕੁਝ ਹਫ਼ਤਿਆਂ ਤੋਂ ਸ਼ੁਰੂ ਹੋਏ ਮੁਜ਼ਾਹਰਿਆਂ ਦੌਰਾਨ ਪਹਿਲੀ ਵਾਰ ਕੈਸਰੀਆ ’ਚ ਸਥਿਤ ਬੈਂਜਾਮਿਨ ਦੀ ਨਿੱਜੀ ਰਿਹਾਇਸ਼ ਦੇ ਬਾਹਰ ਸੈਂਕੜੇ ਹੀ ਵਿਅਕਤੀ ਇਕੱਠੇ ਹੋਏ ਜਿੱਥੇ ਭਾਰੀ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਕਾਬੂ ਕੀਤਾ। ਇਸ ਦੌਰਾਨ ਮੁਜ਼ਾਹਰਾਕਾਰੀਆਂ ਨੇ ਪੁਲਾਂ ਤੇ ਸੜਕਾਂ ’ਤੇ ਕਾਲੇ ਝੰਡੇ ਲਹਿਰਾਏ। ਦੱਸਣਯੋਗ ਹੈ ਕਿ ਨੇਤਨਯਾਹੂ ਦੇ ਸ਼ਾਸਨ ਕਾਲ ਦੌਰਾਨ ਮੁਜ਼ਾਹਰੇ ਵੱਡੀ ਚੁਣੌਤੀ ਬਣ ਗਏ ਹਨ। ਇਹ ਮੁਜ਼ਾਹਰੇ ਨੇਤਨਯਾਹੂ ਵੱਲੋਂ ਕਰੋਨਾਵਾਇਰਸ ਸੰਕਟ ਨਾਲ ਨਜਿੱਠਣ ਲਈ ਅਪਣਾਈ ਰਣਨੀਤੀ ਤੇ ਉਸ ਦੇ ਭ੍ਰਿਸ਼ਟਾਚਾਰ ਕੇਸ ਦੇ ਸੰਦਰਭ ’ਚ ਕੀਤੇ ਜਾ ਰਹੇ ਹਨ। –ਏਪੀ