ਬਿਊਨਸ ਆਇਰਸ: ਇੱਥੇ ਅਰਜਨਟਾਈਨ ਫੁਟਬਾਲ ਲੀਗ ਦੇ ਮੈਚ ਦੌਰਾਨ ਵੀਰਵਾਰ ਰਾਤ ਨੂੰ ਪੁਲੀਸ ਦੀ ਪ੍ਰਸ਼ੰਸਕਾਂ ਨਾਲ ਹੋਈ ਝੜਪ ਵਿੱਚ ਘੱਟੋ-ਘੱਟ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਵੱਲੋੋਂ ਅੱਥਰੂ ਗੈਸ ਦੇ ਗੋਲੇ ਛੱਡੇ ਕਾਰਨ ਜੁਆਨ ਕਰਮੈਲੋ ਜ਼ੈਰੀਲੋ ਸਟੇਡੀਅਮ ਵਿੱਚ ਧੂੰਆਂ ਫੈਲ ਗਿਆ ਜਿਸ ਕਰਕੇ ਰੈਫਰੀ ਨੇ ਮੈਚ ਰੋਕ ਦਿੱਤਾ। ਅਧਿਕਾਰੀਆਂ ਅਤੇ ਮੌਕੇ ਦੇ ਗਵਾਹਾਂ ਨੇ ਕਿਹਾ ਕਿ ਮੇਜ਼ਬਾਨ ਟੀਮ ਜਿਮਨੇਸ਼ੀਆ ਵਾਏ ਐਸਗਰਿਮਾ ਦੇ ਪ੍ਰਸ਼ੰਸਕਾਂ ਨੇ ਪਹਿਲਾਂ ਤੋਂ ਹੀ ਭਰੇ ਹੋਏ ਸਟੇਡੀਅਮ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਭੀੜ ਨੂੰ ਮੋੜਨ ਦੀ ਕੋਸ਼ਿਸ਼ ਕਰਦਿਆਂ ਪੁਲੀਸ ਨੇ ਰਬੜ ਦੀਆਂ ਗੋਲੀਆਂ ਚਲਾਈਆਂ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ। ਜਿਮਨੇਸ਼ੀਆ ਤੇ ਬੋਕਾ ਜੂਨੀਅਰ ਵਿਚਾਲੇ ਮੈਚ ਦੌਰਾਨ ਹਾਲੇ 9 ਮਿੰਟ ਦੀ ਖੇਡ ਹੀ ਹੋਈ ਸੀ ਕਿ ਰੈਫਰੀ ਹੈਰਨਨ ਮਾਸਟਰੈਂਗਲੋ ਨੇ ਖੇਡ ਰੋਕ ਦਿੱਤੀ। ਲੀਗ ਪ੍ਰਬੰਧਕਾਂ ਨੇ ਟਵੀਟ ਕੀਤਾ ਕਿ ਸੁਰੱਖਿਆ ਦੀ ਘਾਟ ਕਾਰਨ ਉਨ੍ਹਾਂ ਨੂੰ ਇਹ ਕਾਰਵਾਈ ਕਰਨੀ ਪਈ। ਇਸ ਦੌਰਾਨ ਖਿਡਾਰੀਆਂ ਨੂੰ ਉਨ੍ਹਾਂ ਦੇ ਕਮਰੇ ਵਿੱਚ ਭੇਜ ਦਿੱਤਾ ਗਿਆ ਅਤੇ ਕਈ ਦਰਸ਼ਕ ਅੱਥਰੂ ਗੈਸ ਤੋਂ ਬਚਣ ਲਈ ਮੈਦਾਨ ਵਿੱਚ ਦਾਖਲ ਹੋ ਗਏ। ਸੂਬੇ ਦੇ ਸੁਰੱਖਿਆ ਮੰਤਰੀ ਸਰਜੀਓ ਬਰਨੀ ਨੇ ਦੱਸਿਆ, ‘‘ਬਦਕਿਸਮਤੀ ਨਾਲ ਉੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ। ਉਸ ਦੀ ਮੌਤ ਦਿਲ ਦੀ ਸਮੱਸਿਆ ਕਾਰਨ ਹੋਈ।’’ -ਏਪੀ