ਬਿਊਨਸ ਆਇਰਸ, 30 ਦਸੰਬਰ
ਅਰਜਨਟੀਨਾ ਦੀ ਸੈਨੇਟ ਨੇ ਗਰਭਪਾਤ ਨੂੰ ਜਾਇਜ਼ ਕਰਾਰ ਦੇਣ ਸਬੰਧੀ ਬਿੱਲ ਪਾਸ ਕਰ ਦਿੱਤਾ ਹੈ। ਇਸ ਅਧਿਕਾਰ ਲਈ ਔਰਤਾਂ ਦਹਾਕਿਆਂ ਤੋਂ ਲੜਾਈ ਲੜ ਰਹੀਆਂ ਸਨ।
ਅੱਜ ਬਹੁਮਤ ਨਾਲ ਪਾਸ ਕੀਤੇ ਗਏ ਇਸ ਬਿੱਲ ਅਨੁਸਾਰ ਗਰਭ ਦੇ 14ਵੇਂ ਹਫ਼ਤੇ ਤੱਕ ਗਰਭਪਾਤ ਕਰਵਾਉਣਾ ਕਾਨੂੰਨੀ ਤੌਰ ’ਤੇ ਜਾਇਜ਼ ਹੋਵੇਗਾ। ਜਬਰ-ਜਨਾਹ ਜਾਂ ਮਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਾਲੇ ਕੇਸਾਂ ਵਿੱਚ 14 ਹਫ਼ਤੇ ਤੋਂ ਬਾਅਦ ਵੀ ਗਰਭਪਾਤ ਕਰਵਾਉਣਾ ਕਾਨੂੰਨੀ ਤੌਰ ’ਤੇ ਜਾਇਜ਼ ਹੋਵੇਗਾ। ਲੰਘੇ ਦਿਨ ਚੱਲੇ 12 ਘੰਟਿਆਂ ਦੇ ਲੰਬੇ ਸੈਸ਼ਨ ਤੋਂ ਬਾਅਦ ਇਸ ਬਿੱਲ ਸਬੰਧੀ ਸੈਨੇਟ ’ਚ ਹੋਈ ਵੋਟਿੰਗ ਦੌਰਾਨ ਬਿੱਲ ਦੇ ਪੱਖ ਵਿੱਚ 38 ਵੋਟਾਂ ਪਈਆਂ ਜਦੋਂ ਕਿ 29 ਬਿੱਲ ਦੇ ਖ਼ਿਲਾਫ਼ ਪਈਆਂ ਅਤੇ ਇਕ ਮੈਂਬਰ ਗੈਰ-ਹਾਜ਼ਰ ਸੀ। ਜ਼ਿਕਰਯੋਗ ਹੈ ਕਿ ਇਸ ਬਿੱਲ ਨੂੰ ਇੱਥੋਂ ਦੀ ਸੰਸਦ ਦੇ ਹੇਠਲੇ ਸਦਨ ਤੋਂ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਇਸ ਨੂੰ ਰਾਸ਼ਟਰਪਤੀ ਐਲਬਰਟੋ ਫਰਨਾਂਡੇਜ਼ ਦਾ ਸਮਰਥਨ ਵੀ ਪ੍ਰਾਪਤ ਹੈ। ਇਸ ਦਾ ਮਤਲਬ ਸੈਨੇਟ ਦੀ ਵੋਟ ਹੀ ਇਸ ਬਿੱਲ ਦੇ ਪਾਸ ਹੋਣ ਵਿੱਚ ਆਖ਼ਰੀ ਅੜਿੱਕਾ ਸੀ। -ਏਪੀ