ਇਸਲਾਮਾਬਾਦ, 17 ਸਤੰਬਰ
ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨਵੇਂ ਫ਼ੌਜ ਮੁਖੀ ਦੀ ਨਿਯੁਕਤੀ ਨਵੰਬਰ ਵਿਚ ਕਰਨਗੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗ ਕੀਤੀ ਸੀ ਕਿ ਨਵੇਂ ਫ਼ੌਜ ਮੁਖੀ ਦੀ ਨਿਯੁਕਤੀ ਸਰਕਾਰ ਨੂੰ ਚੋਣਾਂ ਤੋਂ ਬਾਅਦ ਕਰਨੀ ਚਾਹੀਦੀ ਹੈ। ਆਸਿਫ਼ ਨੇ ਕਿਹਾ ਕਿ ਨਵਾਜ਼ ਸ਼ਰੀਫ਼ ਨੇ ਇਹ ਸਿਆਸੀ ਜ਼ਿੰਮੇਵਾਰੀ ਚਾਰ ਵਾਰ ਨਿਭਾਈ ਹੈ ਤੇ ਸ਼ਾਹਬਾਜ਼ ਵੀ ਨਵੰਬਰ ਵਿਚ ਅਜਿਹਾ ਕਰਨਗੇ। ਉਨ੍ਹਾਂ ਕਿਹਾ ਕਿ ਫ਼ੌਜ ਮੁਖੀ ਦੀ ਨਿਯੁਕਤੀ ਦੀ ਨੀਤੀ ਬਾਰੇ ਸੰਵਿਧਾਨ ਵਿਚ ਸਪੱਸ਼ਟ ਤੌਰ ’ਤੇ ਲਿਖਿਆ ਗਿਆ ਹੈ ਪਰ ਇਮਰਾਨ ਖਾਨ ਵਿਵਾਦ ਖੜ੍ਹਾ ਕਰਨਾ ਚਾਹੁੰਦੇ ਹਨ। ਰੱਖਿਆ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਵੀ ਫ਼ੌਜ ਮੁਖੀ ਦੀ ਸੰਵਿਧਾਨ ਤੇ ਸਰਕਾਰੀ ਸੰਸਥਾਵਾਂ ਪ੍ਰਤੀ ਵਫ਼ਾਦਾਰੀ ਉਤੇ ਕੋਈ ਸ਼ੱਕ ਨਹੀਂ ਹੈ। ਮੰਤਰੀ ਨੇ ਕਿਹਾ, ‘ਸਿਆਸਤ ਵੱਖਰੀ ਚੀਜ਼ ਹੈ ਪਰ ਸੰਸਥਾਵਾਂ ਉਤੇ ਵਿਵਾਦ ਨਹੀਂ ਹੋਣਾ ਚਾਹੀਦਾ।’ ਇਮਰਾਨ ਖਾਨ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਮੌਜੂਦਾ ਸਰਕਾਰ ਨਵੇਂ ਫ਼ੌਜ ਮੁਖੀ ਦੀ ਨਿਯੁਕਤੀ ਲਈ ਯੋਗ ਨਹੀਂ ਹੈ ਤੇ ਇਹ ਮੁੱਦਾ ਅਗਲੀ ਸਰਕਾਰ ਲਈ ਛੱਡ ਦੇਣਾ ਚਾਹੀਦਾ ਹੈ। ਇਮਰਾਨ ਨੇ ਨਾਲ ਹੀ ਨਵੇਂ ਸਿਰਿਓਂ ਚੋਣਾਂ ਕਰਾਉਣ ਦੀ ਮੰਗ ਵੀ ਕੀਤੀ। ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਚਿਤਾਵਨੀ ਦਿੱਤੀ ਕਿ ਉਹ ਨਵੇਂ ਫ਼ੌਜ ਮੁਖੀ ਦੀ ਨਿਯੁਕਤੀ ਨੂੰ ‘ਵਿਵਾਦਤ’ ਨਾ ਬਣਾਉਣ ਕਿਉਂਕਿ ਇਸ ਨਾਲ ‘ਭਾਰਤ ਦਾ ਹੌਸਲਾ ਵਧੇਗਾ’। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਵਰਤਮਾਨ ਫ਼ੌਜ ਮੁਖੀ ਦਾ ਕਾਰਜਕਾਲ ਨਵੰਬਰ ਦੇ ਅਖੀਰ ਵਿਚ ਖ਼ਤਮ ਹੋ ਜਾਵੇਗਾ। ਉਹ ਤਿੰਨ-ਤਿੰਨ ਸਾਲਾਂ ਲਈ ਦੋ ਵਾਰ ਫ਼ੌਜ ਮੁਖੀ ਰਹੇ ਹਨ। ਨਵਾਂ ਫ਼ੌਜ ਮੁਖੀ ਪ੍ਰਧਾਨ ਮੰਤਰੀ ਵੱਲੋਂ ਸੇਵਾਵਾਂ ਦੇ ਰਹੇ ਸੀਨੀਅਰ ਲੈਫ਼ਟੀਨੈਂਟ ਜਨਰਲਾਂ ਵਿਚੋਂ ਚੁਣਿਆ ਜਾਵੇਗਾ। -ਪੀਟੀਆਈ