ਵੈਲਿੰਗਟਨ, 10 ਨਵੰਬਰ
ਨਿਊਜ਼ੀਲੈਂਡ ਵੱਲੋਂ ਏਪੈਕ (ਏਸ਼ੀਆ-ਪੈਸੇਫਿਕ ਇਕੋਨਾਮਿਕ ਕੋ-ਆਪਰੇਸ਼ਨ) ਫੋਰਮ ਦੀ ਦੋ ਦਿਨਾਂ ਆਨਲਾਈਨ ਮਾਧਿਅਮ ਰਾਹੀਂ ਕਰਵਾਈ ਗਈ ਵਿਚਾਰ-ਚਰਚਾ ਵਿੱਚ ਮੈਂਬਰ ਮੁਲਕਾਂ ਦੇ ਕਾਰੋਬਾਰੀ ਮੰਤਰੀਆਂ ਨੇ ਹਿੱਸਾ ਲਿਆ। ਇਸ ਦੌਰਾਨ ਲੋਕਾਂ ਦੀ ਕਰੋਨਾ ਵੈਕਸੀਨ ਤੱਕ ਪਹੁੰਚ ਵਧਾਉਣ ਅਤੇ ਕਾਰਬਨ ਨਿਕਾਸੀ ਘਟਾਉਣ ਦੇ ਮੁੱਦਿਆਂ ’ਤੇ ਸਹਿਮਤੀ ਪ੍ਰਗਟਾਈ ਗਈ। ਇਸ ਦੌਰਾਨ 21 ਮੁਲਕਾਂ ਦੇ ਇਸ ਸਮੂਹ ਵਿਚਾਲੇ ਚੱਲ ਰਹੇ ਤਣਾਅਮਈ ਹਾਲਾਤ ਬਾਰੇ ਗੱਲਬਾਤ ਨਹੀਂ ਹੋਈ। ਇਨ੍ਹਾਂ ਮੁਲਕਾਂ ਵਿੱਚ ਅਮਰੀਕਾ, ਚੀਨ, ਤਾਇਵਾਨ, ਰੂਸ ਅਤੇ ਆਸਟਰੇਲੀਆਂ ਸ਼ਾਮਲ ਹਨ। ਇਨ੍ਹਾਂ ਤਾਜ਼ਾ ਹਾਲਾਤ ਨੇ ਇਹ ਸੁਆਲ ਖੜ੍ਹਾ ਕੀਤਾ ਹੈ ਕਿ ਵਪਾਰਕ ਸਮਝੌਤੇ ’ਚ ਕਿਹੜੇ-ਕਿਹੜੇ ਮੁਲਕ ਸ਼ਾਮਲ ਹੋ ਸਕਦੇ ਹਨ ਅਤੇ ਕੀ ਅਮਰੀਕਾ ਨੂੰ ਭਵਿੱਖ ਦੀਆਂ ਮੀਟਿੰਗਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲੇਗਾ? ਇਸ ਮੌਕੇ ਅਧਿਕਾਰੀਆਂ ਨੇ ਅਜਿਹੇ ਖੇਤਰਾਂ ਦੀ ਪਛਾਣ ਕੀਤੀ ਜਿੱਥੇ ਇਨ੍ਹਾਂ ਮੁਲਕਾਂ ਵੱਲੋਂ ਸਮਝੌਤੇ ਕੀਤੇ ਜਾ ਸਕਦੇ ਹਨ। ਮੀਟਿੰਗ ਮਗਰੋਂ ਨਿਊਜ਼ੀਲੈਂਡ ਦੇ ਕਾਰੋਬਾਰ ਮੰਤਰੀ ਡੇਮੀਅਨ ਓ’ਕੋਨਰ ਨੇ ਕਿਹਾ ਕਿ ਇਸ ਮੌਕੇ ਮੈਂਬਰ ਮੁਲਕਾਂ ਨੇ ਪਿਛਲੇ ਵਰ੍ਹੇ ਵਾਂਗ ਮਹਾਮਾਰੀ ਨਾਲ ਲੜਨ ਦਾ ਅਹਿਦ ਲਿਆ। ਉਨ੍ਹਾਂ ਕਿਹਾ,‘ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਤੱਕ ਅਸੀਂ ਸਾਰੇ ਸੁਰੱਖਿਅਤ ਨਹੀਂ ਹੁੰਦੇ, ਉਦੋਂ ਤੱਕ ਅਸੀਂ ਸਾਰੇ ਸੁਰੱਖਿਅਤ ਨਹੀਂ ਹਾਂ। ਉਨ੍ਹਾਂ ਦੱਸਿਆ ਕਿ 17 ਮੈਂਬਰ ਮੁਲਕਾਂ ਨੇ ਕਰੋਨਾ ਵੈਕਸੀਨ ਅਤੇ ਸਬੰਧਤ ਉਤਪਾਦਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ, ਜਿਸ ਨਾਲ ਆਮ ਲੋਕਾਂ ਤੱਕ ਇਨ੍ਹਾਂ ਦੀ ਪਹੁੰਚ ਸੌਖੀ ਹੋ ਗਈ ਹੈ। ਇੱਕ ਸਾਂਝੇ ਬਿਆਨ ’ਚ ਸਾਰੇ ਮੰਤਰੀਆਂ ਨੇ ਕਰੋਨਾ ਵੈਕਸੀਨ ਦਾ ਉਤਪਾਦਨ ਅਤੇ ਇਸਦੀ ਸਪਲਾਈ ਵਧਾਉਣ ਅਤੇ ਵੈਕਸੀਨ ਦੀ ਆਲਮੀ ਪੱਧਰ ’ਤੇ ਵੰਡ ਦਾ ਸਮਰਥਨ ਕਰਨ ’ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦਾ ਸੁਰੱਖਿਅਤ ਸਫ਼ਰ ਯਕੀਨੀ ਬਣਾਉਣ ਲਈ ਤਰੀਕਿਆਂ ਦਾ ਅਧਿਐਨ ਵੀ ਕਰਨਗੇ। -ਏਪੀ