ਮੈਸੇਚੁਐਸਟਸ: ਇਕ ਨਵੇਂ ਅਧਿਐਨ ਵਿਚ ਕਿਹਾ ਗਿਆ ਹੈ ਕਿ ਅੰਟਾਰਕਟਿਕਾ ਦੀਆਂ ਬਰਫ਼ ਦੀਆਂ ਚਾਦਰਾਂ 2060 ਤੱਕ ਜਲਵਾਯੂ ਤਬਦੀਲੀ ਦੇ ਬਿੰਦੂ (ਕਲਾਈਮੇਟ ਟਿਪਿੰਗ ਪੁਆਇੰਟ) ਵੱਲ ਵੱਧ ਰਹੀਆਂ ਹਨ। ਦੱਸਣਯੋਗ ਹੈ ਕਿ ਅੰਟਾਰਕਟਿਕਾ ਵਿਚ ਬਰਫ਼ ਦੇ ਕਈ ਵੱਡੇ ਤੋਦੇ ਹਨ। ਇਹ ਤੋਦੇ ਜਦ ਟੁੱਟਦੇ ਹਨ ਤਾਂ ਬਰਫ਼ ਦੀਆਂ ਇਹ ਉੱਚੀਆਂ ਚੱਟਾਨਾਂ ਆਪਣੇ ਆਪ ਖੜ੍ਹੀਆਂ ਨਹੀਂ ਹੋ ਸਕਦੀਆਂ। ਇਸ ਅਧਿਐਨ ਮੁਤਾਬਕ ਇਹ ਬਰਫ਼ ਦੇ ਤੋਦੇ ਤੇਜ਼ੀ ਨਾਲ ਟੁੱਟ ਰਹੇ ਹਨ। ਜਲਵਾਯੂ ਤਬਦੀਲੀ ਬਿੰਦੂ ਉਹ ਦਹਿਲੀਜ਼ ਹੈ ਜੋ ਵੱਡੇ ਬਦਲਾਅ ਵੱਲ ਲੈ ਜਾਂਦੀ ਹੈ। ਅੰਟਾਰਕਟਿਕਾ ਦੀਆਂ ਬਰਫ਼ ਦੀਆਂ ਚਾਦਰਾਂ ਤੇ ਤੋਦੇ ਉਸ ‘ਬੈੱਡਰਾਕ’ ਉਤੇ ਜੰਮੀਆਂ ਹੋਈਆਂ ਹਨ ਜੋ ਮਹਾਦੀਪ ਦੇ ਕੇਂਦਰ ਵੱਲ ਢਲਦਾ ਹੈ। ਸਮੁੰਦਰ ਦਾ ਪਾਣੀ ਗਰਮ ਹੋਣ ਕਾਰਨ ਇਨ੍ਹਾਂ ਦੇ ਹੇਠਲੇ ਕਿਨਾਰੇ ਪਿਘਲ ਰਹੇ ਹਨ। ‘ਨੇਚਰ’ ਜਰਨਲ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਦੱਸਿਆ ਗਿਆ ਹੈ ਕਿ 2060 ਤੱਕ ਅੰਟਾਰਕਟਿਕਾ ਦੀਆਂ ਆਈਸ ਸ਼ੀਟਾਂ ਪਿਘਲਣ ਦੀਆਂ ਸਿਖ਼ਰਲੀਆਂ ਹੱਦਾਂ ਪਾਰ ਕਰ ਜਾਣਗੀਆਂ ਤੇ ਸਮੁੰਦਰ ਦਾ ਪੱਧਰ ਬਹੁਤ ਵੱਧ ਜਾਵੇਗਾ ਜਿਸ ਨੂੰ ਮੁੜ ਪਹਿਲਾਂ ਵਾਲੇ ਪੱਧਰ ਉਤੇ ਨਹੀਂ ਲਿਆਂਦਾ ਜਾ ਸਕੇਗਾ। ਇਹ ਸਭ ਉਸ ਵੇਲੇ ਹੋਵੇਗਾ ਜਦੋਂ ਵਰਤਮਾਨ ’ਚ ਐਲੀਮੈਂਟਰੀ ਸਕੂਲਾਂ ’ਚ ਪੜ੍ਹ ਰਹੇ ਬੱਚੇ ਆਪਣੇ ਪਰਿਵਾਰ ਪਾਲ ਰਹੇ ਹੋਣਗੇ। ਸੰਨ 2100 ਤੱਕ ਸਮੁੰਦਰ ਦਾ ਪੱਧਰ ਹੁਣ ਨਾਲੋਂ 10 ਗੁਣਾ ਜ਼ਿਆਦਾ ਤੇਜ਼ ਰਫ਼ਤਾਰ ਨਾਲ ਵਧੇਗਾ। ਜ਼ਿਕਰਯੋਗ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਆਈਸਲੈਂਡ ਵਿਚ ਹੋਰਨਾਂ ਮੁਲਕਾਂ ਦੇ ਆਗੂਆਂ ਨਾਲ ਇਸੇ ਹਫ਼ਤੇ ਕੀਤੀ ਬੈਠਕ ਵਿਚ ਉਨ੍ਹਾਂ ਦਾ ਧਿਆਨ ਆਰਕਟਿਕ ਵਿਚ ਹੋ ਰਹੀ ਜਲਵਾਯੂ ਤਬਦੀਲੀ ਵੱਲ ਦਿਵਾਇਆ ਸੀ ਪਰ ਹੁਣ ਇਸ ਅਧਿਐਨ ਤੋਂ ਬਾਅਦ ਅੰਟਾਰਕਟਿਕਾ ਵਿਚ ਵੱਡੇ ਪੱਧਰ ਉਤੇ ਤਬਦੀਲੀ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਹੈ। -ਰਾਇਟਰਜ਼