ਅਟਲਾਂਟਾ, 14 ਜੂਨ
ਜਾਰਜ ਫਲਾਇਡ ਦੀ ਪੁਲੀਸ ਹਿਰਾਸਤ ’ਚ ਮੌਤ ਦਾ ਮਾਮਲਾ ਅਜੇ ਠੰਢਾ ਨਹੀਂ ਪਿਆ ਸੀ ਕਿ ਸ਼ੁੱਕਰਵਾਰ ਨੂੰ ਪੁਲੀਸ ਨੇ ਇਕ ਹੋਰ ਸਿਆਹਫਾਮ ਨੌਜਵਾਨ ਰੇਅਸ਼ਾਰਡ ਬਰੁਕਸ (27) ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਤੋਂ ਬਾਅਦ ਅਟਲਾਂਟਾ ’ਚ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ ਜਿਸ ਕਾਰਨ ਅਟਲਾਂਟਾ ਪੁਲੀਸ ਮੁਖੀ ਐਰਿਕਾ ਸ਼ੀਲਡਜ਼ ਨੇ ਸ਼ਨਿਚਰਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਬਰੁਕਸ ਨੂੰ ਗੋਲੀ ਮਾਰਨ ਵਾਲੇ ਅਧਿਕਾਰੀ ਦੀ ਪਛਾਣ ਗੈਰੇਟ ਰੋਲਫ ਵਜੋਂ ਹੋਈ ਹੈ ਜਿਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਜਦਕਿ ਊਸ ਦੇ ਦੂਜੇ ਸਾਥੀ ਡੇਵਿਨ ਬ੍ਰੋਸਨਨ ਨੂੰ ਪ੍ਰਸ਼ਾਸਕੀ ਡਿਊਟੀ ਦਾ ਕੰਮ ਸੰਭਾਲ ਦਿੱਤਾ ਗਿਆ ਹੈ।
ਪ੍ਰਦਰਸ਼ਨਕਾਰੀਆਂ ਨੇ ਸ਼ਨਿਚਰਵਾਰ ਰਾਤ ਨੂੰ ਵੈਂਡੀਜ਼ ਰੈਸਤਰਾਂ ਨੂੰ ਅੱਗ ਲਗਾ ਦਿੱਤੀ ਅਤੇ ਹਾਈਵੇਅ ਨੇੜੇ ਟਰੈਫਿਕ ਜਾਮ ਕਰ ਦਿੱਤਾ ਜਿਥੋਂ ਦੇ ਪਾਰਕਿੰਗ ਇਲਾਕੇ ’ਚ ਬਰੁਕਸ ਨੂੰ ਇਕ ਰਾਤ ਪਹਿਲਾਂ ਗੋਲੀ ਮਾਰੀ ਗਈ ਸੀ। ਪੁਲੀਸ ਨੇ 36 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ ਹੈ। ਅਟਲਾਂਟਾ ਦੀ ਮੇਅਰ ਕੀਸ਼ਾ ਲਾਂਸ ਬੌਟਮਸ ਨੇ ਪੁਲੀਸ ਮੁਖੀ ਦੇ ਅਸਤੀਫ਼ੇ ਦਾ ਐਲਾਨ ਕਰਦਿਆਂ ਲੋਕਾਂ ਨੂੰ ਸ਼ਾਂਤੀ ਬਣਾਊਣ ਲਈ ਕਿਹਾ ਹੈ। ਪੁਲੀਸ ਮੁਤਾਬਕ ਬਰੁਕਸ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਜਦੋਂ ਊਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਊਹ ਪੁਲੀਸ ਕਰਮੀ ਦੀ ਬੰਦੂਕ ਲੈ ਕੇ ਭੱਜ ਗਿਆ। ਇਸ ਮਗਰੋਂ ਹੋਈ ਝੜਪ ’ਚ ਗੋਲੀ ਚੱਲੀ ਅਤੇ ਬਰੁਕਸ ਦੀ ਮੌਤ ਹੋ ਗਈ। -ਏਪੀ