ਰੋਜ਼ਵੈੱਲ (ਅਮਰੀਕਾ), 13 ਜੂਨ
ਵੈਸਟ ਪੁਆਇੰਟ ਦੀ ਅਮਰੀਕੀ ਮਿਲਟਰੀ ਅਕੈਡਮੀ ਤੋਂ ਅੱਜ ਪਹਿਲੀ ਸਿੱਖ ਮਹਿਲਾ ਆਪਣੀ ਚਾਰ ਸਾਲ ਦੀ ਡਿਗਰੀ ਪੂਰੀ ਕਰਕੇ ਨਵਾਂ ਇਤਿਹਾਸ ਸਿਰਜਣ ਜਾ ਰਹੀ ਹੈ। ਜੌਰਜੀਆ ਦੇ ਰੋਜ਼ਵੈੱਲ ਵਿੱਚ ਜਨਮੀ ਅਤੇ ਪਲੀ ਅਨਮੋਲ ਨਾਰੰਗ ਸੈਕਿੰਡ ਲੈਫਟੀਨੈਂਟ ਬਣ ਗਈ ਹੈ।
ਵੈਸਟ ਪੁਆਇੰਟ ਤੋਂ ਪਰਮਾਣੂ ਇੰਜਨੀਅਰਿੰਗ ਦੀ ਗਰੈਜੂਏਟ ਡਿਗਰੀ ਕਰਨ ਤੋਂ ਪਹਿਲਾਂ ਅਨਮੋਲ ਨੇ ਜੌਰਜੀਆ ਇੰਸਟੀਚਿਊਟ ਆਫ ਟੈਕਨਾਲੋਜੀ ਵਿੱਚ ਇੱਕ ਵਰ੍ਹੇ ਦੀ ਅੰਡਰ-ਗਰੈਜੂਏਟ ਪੜ੍ਹਾਈ ਕੀਤੀ। ਊਹ ਹਵਾਈ ਰੱਖਿਆ ਦੇ ਖੇਤਰ ਵਿੱਚ ਕਰੀਅਰ ਬਣਾਊਣ ਦੀ ਇਛੁੱਕ ਹੈ। ਅਨਮੋਲ ਨੇ ਦੱਸਿਆ, ‘‘ਵੈਸਟ ਪੁਆਇੰਟ ਤੋਂ ਗਰੈਜੂਏਟ ਡਿਗਰੀ ਕਰਨ ਦਾ ਸੁਪਨਾ ਪੂਰਾ ਹੋਣ ’ਤੇ ਮੈਂਂ ਬੇਹੱਦ ਖ਼ੁਸ਼ੀ ਅਤੇ ਮਾਣ ਮਹਿਸੂਸ ਕਰ ਰਹੀ ਹਾਂ। ਮੇਰੇ ਭਾਈਚਾਰੇ ਦਾ ਵਿਸ਼ਵਾਸ ਅਤੇ ਸਹਿਯੋਗ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ ਅਤੇ ਮੈਂਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਆਪਣੀ ਮੰਜ਼ਿਲ ਪਾ ਕੇ ਹੋਰ ਸਿੱਖ ਅਮਰੀਕੀਆਂ ਨੂੰ ਇਹ ਦਿਖਾ ਸਕੀ ਹਾਂ ਕਿ ਜੇਕਰ ਇਨਸਾਨ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੋਵੇ ਤਾਂ ਕੋਈ ਵੀ ਕਰੀਅਰ ਅਸੰਭਵ ਨਹੀਂ ਹੈ।’’ ਅਨਮੋਲ ਨਾਰੰਗ ਵਲੋਂ ਓਕਲਾਹੋਮਾ ਦੇ ਫੋਰਟ ਸਿੱਲ ਤੋਂ ਆਪਣਾ ਬੇਸਿਕ ਆਫੀਸਰ ਲੀਡਰਸ਼ਿਪ ਕੋਰਸ ਕੀਤਾ ਜਾਵੇਗਾ, ਜਿਸ ਤੋਂ ਬਾਅਦ ਊਹ ਜਨਵਰੀ ਵਿੱਚ ਆਪਣੀ ਪਹਿਲੀ ਤਾਇਨਾਤੀ ਲਈ ਜਪਾਨ ਦੇ ਓਕੀਨਾਵਾ ਵਿੱਚ ਜਾਵੇਗੀ। -ਏਪੀ