ਕੋਪਨਹੈਗਨ (ਡੈਨਮਾਰਕ), 29 ਨਵੰਬਰ
ਸਵੀਡਨ ’ਚ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਸੰਸਦ ’ਚ ਬਜਟ ਪ੍ਰਸਤਾਵ ਰੱਦ ਹੋਣ ’ਤੇ ਮੈਗਡਾਲੇਨਾ ਐਂਡਰਸਨ ਵੱਲੋਂ ਪਿਛਲੇ ਹਫ਼ਤੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਵਿਚਾਲੇ ਅੱਜ ਇੱਕ ਵਾਰ ਫਿਰ ਉਸ ਨੂੰ ਸਰਕਾਰ ਦਾ ਮੁਖੀ ਚੁਣ ਲਿਆ ਗਿਆ ਹੈ। ਸੋਸ਼ਲ ਡੈਮੋਕਰੈਟ ਪਾਰਟੀ ਦੀ ਆਗੂ ਐਂਡਰਸਨ ਨੇ ਹਫ਼ਤੇ ਅੰਦਰ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਦਾ ਅਹੁਦਾ ਹਾਸਲ ਕਰ ਲਿਆ ਹੈ। ਹਾਲਾਂਕਿ ਉਹ ਇੱਕ ਪਾਰਟੀ ਦੀ ਘੱਟ ਗਿਣਤੀ ਵਾਲੀ ਸਰਕਾਰ ਬਣਾਏਗੀ। ਮੰਤਰੀ ਮੰਡਲ ਦੇ ਨਾਵਾਂ ਦਾ ਐਲਾਨ ਭਲਕੇ ਹੋ ਸਕਦਾ ਹੈ। ਪਿਛਲੇ ਹਫ਼ਤੇ ਬੁੱਧਵਾਰ ਨੂੰ ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਚੁਣੀ ਗਈ ਐਂਡਰਸਨ ਇਸ ਅਹੁਦੇ ’ਤੇ ਸਿਰਫ਼ ਸੱਤ ਘੰਟੇ ਹੀ ਰਹਿ ਸਕੀ ਤੇ ਉਸ ਦੀ ਸਹਿਯੋਗੀ ਪਾਰਟੀ ਦਿ ਗਰੀਨਜ਼ ਨੇ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ। -ਏਪੀ