ਵਾਸ਼ਿੰਗਟਨ, 20 ਅਕਤੂਬਰ
ਮਾਈਕਰੋਸਾਫਟ ਦੇ ਸੀਈਓ ਸੱਤਿਆ ਨਾਡੇਲਾ (55) ਨੇ ‘ਪਦਮ ਭੂਸ਼ਨ’ (ਤੀਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ) ਪੁਰਸਕਾਰ ਪ੍ਰਾਪਤ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹੋਰ ਟੀਚਿਆਂ ਦੀ ਪ੍ਰਾਪਤੀ ਲਈ ਉਹ ਭਾਰਤੀ ਲੋਕਾਂ ਦੀ ਮਦਦ ਵਾਸਤੇ ਉਨ੍ਹਾਂ ਨਾਲ ਲਗਾਤਾਰ ਕੰਮ ਕਰਦੇ ਰਹਿਣਗੇ। ਨਾਡੇਲਾ ਨੇ ਵਿਲੱਖਣ ਸੇਵਾਵਾਂ ਲਈ ਇਹ ਪੁਰਸਕਾਰ ਸਾਂ ਫਰਾਂਸਿਸਕੋ ਵਿੱਚ ਭਾਰਤ ਦੇ ਕੌਂਸਲ ਜਨਰਲ ਡਾ. ਟੀ.ਵੀ. ਨਾਗੇਂਦਰ ਪ੍ਰਸਾਦ ਤੋਂ ਪਿਛਲੇ ਹਫ਼ਤੇ ਰਸਮੀ ਤੌਰ ’ਤੇ ਪ੍ਰਾਪਤ ਕੀਤਾ। ਉਨ੍ਹਾਂ ਵੱਲੋਂ ਅਗਲੇ ਵਰ੍ਹੇ ਜਨਵਰੀ ਮਹੀਨੇ ਭਾਰਤ ਆਉਣ ਦੀ ਯੋਜਨਾ ਹੈ।
ਪੁਰਸਕਾਰ ਪ੍ਰਾਪਤ ਕਰਨ ਮਗਰੋਂ ਸੱਤਿਆ ਨਾਡੇਲਾ ਨੇ ਕਿਹਾ, ‘‘ਪਦਮ ਭੂਸ਼ਣ ਪੁਰਸਕਾਰ ਪ੍ਰਾਪਤ ਕਰਨਾ ਅਤੇ ਹੋਰ ਅਨੇਕਾਂ ਗ਼ੈਰ-ਸਧਾਰਨ ਲੋਕਾਂ ਨਾਲ ਪਛਾਣ ਮਿਲਣਾ ਇੱਕ ਮਾਣ ਵਾਲ ਗੱਲ ਹੈ। ਮੈਂ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਦਾ ਧੰਨਵਾਦੀ ਹਾਂ ਅਤੇ ਤਕਨਾਲੋਜੀ ਦੀ ਵਰਤੋਂ ਰਾਹੀਂ ਭਾਰਤ ਵਿੱਚ ਲੋਕਾਂ ਨਾਲ ਉਨ੍ਹਾਂ ਦੀ ਮਦਦ ਲਈ ਲਗਾਤਾਰ ਕੰਮ ਕਰਦਾ ਰਹਾਂਗਾ।’’ ਮੀਟਿੰਗ ਦੌਰਾਨ ਸੱਤਿਆ ਨਾਡੇਲਾ ਨੇ ਨਾਗੇਂਦਰ ਪ੍ਰਸਾਦ ਨਾਲ ਭਾਰਤ ਵਿੱਚ ਸਮੁੱਚੇ ਵਿਕਾਸ ਵਿੱਚ ਡਿਜੀਟਲ ਤਕਨਾਲੋਜੀ ਅਹਿਮ ਰੋਲ ਬਾਰੇ ਚਰਚਾ ਵੀ ਕੀਤੀ। ਦੱਸਣਯੋਗ ਹੈ ਕਿ ਹੈਦਰਾਬਾਦ ਵਿੱਚ ਜਨਮੇ ਨਾਡੇਲਾ 2014 ਵਿੱਚ ਮਾਈਕਰੋਸਾਫਟ ਦੇ ਸੀਈਓ ਬਣੇ ਸਨ। -ਪੀਟੀਆਈ