ਨਵੀਂ ਦਿੱਲੀ, 16 ਸਤੰਬਰ
ਅਫ਼ਗਾਨਿਸਤਾਨ ਵਿਚ ਬਣੀ ਤਾਲਿਬਾਨ ਸਰਕਾਰ ਦੇ ਉਪ ਮੁੱਖ ਮੰਤਰੀ ਮੁੱਲ੍ਹਾ ਬਰਾਦਰ ਨੇ ਉਸ ਦੀ ਗੁੰਮਸ਼ੁਦਗੀ ’ਤੇ ਉੱਠਦੇ ਸਵਾਲਾਂ ਦੇ ਮੱਦੇਨਜ਼ਰ ਹੁਣ ਇਕ ਆਡੀਓ ਸੁਨੇਹਾ ਜਾਰੀ ਕਰ ਕੇ ਆਪਣੀ ਤੇ ਸਾਥੀਆਂ ਦੀ ਖੈਰੀਅਤ ਬਾਰੇ ਜਾਣੂ ਕਰਵਾਇਆ ਹੈ।
ਜਾਰੀ ਕੀਤੀ ਗਈ ਆਡੀਓ ਕਲਿੱਪ ਵਿਚ ਬਰਾਦਰ ਨੇ ਕਿਹਾ, ‘‘ਮੀਡੀਆ ਵਿਚ ਮੇਰੀ ਸਿਹਤ ਤੇ ਮੌਤ ਸਬੰਧੀ ਖ਼ਬਰਾਂ ਆ ਰਹੀਆਂ ਹਨ। ਪਿਛਲੀਆਂ ਕੁਝ ਰਾਤਾਂ ਤੋਂ ਮੈਂ ਲਗਾਤਾਰ ਦੌਰੇ ’ਤੇ ਹਾਂ। ਮੈਂ, ਮੇਰੇ ਭਰਾ ਤੇ ਸਾਥੀ ਅਸੀਂ ਸਭ ਠੀਕ ਹਾਂ।’’ ਕਤਰ ਦੇ ਵਿਦੇਸ਼ ਮੰਤਰੀ ਵੱਲੋਂ ਹਾਲ ਹੀ ਵਿਚ ਕੀਤੇ ਗਏ ਦੌਰੇ ਦੌਰਾਨ ਗੈਰ-ਹਾਜ਼ਰ ਰਹਿਣ ਬਾਰੇ ਉਸ ਨੇ ਕਿਹਾ ਕਿ ਉਹ ਕਤਰ ਦੇ ਵਿਦੇਸ਼ ਮੰਤਰੀ ਨੂੰ ਮਿਲ ਨਹੀਂ ਸਕਿਆ ਕਿਉਂ ਕਿ ਉਹ ਦੌਰੇ ’ਤੇ ਸੀ। ਮੈਨੂੰ ਕਤਰ ਦੇ ਵਿਦੇਸ਼ ਮੰਤਰੀ ਦੇ ਅਚਨਚੇਤ ਦੌਰੇ ਬਾਰੇ ਜਾਣਕਾਰੀ ਮਿਲ ਗਈ ਸੀ।’’ ਮੁੱਲ੍ਹਾ ਬਰਾਦਰ ਨੇ ਕਿਹਾ, ‘‘ਮੀਡੀਆ ਹਮੇਸ਼ਾ ਝੂਠਾ ਪ੍ਰਚਾਰ ਕਰਦਾ ਹੈ, ਇਸ ਵਾਸਤੇ ਮੈਂ ਉਨ੍ਹਾਂ ਸਾਰੇ ਝੂਠਾਂ ਨੂੰ ਮੁੱਢੋਂ ਰੱਦ ਕਰਦਾ ਹਾਂ ਅਤੇ ਇਸ ਗੱਲ ਦੀ 100 ਫ਼ੀਸਦ ਪੁਸ਼ਟੀ ਕਰਦਾ ਹਾਂ ਕਿ ਤਾਲਿਬਾਨ ਵਿਚ ਅਹੁਦਿਆਂ ਨੂੰ ਲੈ ਕੇ ਕੋਈ ਮੱਤਭੇਦ ਨਹੀਂ ਹੈ ਅਤੇ ਸਾਡੇ ਵਿਚਾਲੇ ਕੋਈ ਸਮੱਸਿਆ ਨਹੀਂ ਹੈ।’’ -ਆਈਏਐੱਨਐੱਸ
ਤਾਲਿਬਾਨ ਦੇ ਵਿਹਾਰਕ ਧੜੇ ਅਤੇ ਕੱਟੜਪੰਥੀਆਂ ਵਿਚਕਾਰ ਮਤਭੇਦ ਵਧੇ
ਕਾਬੁਲ: ਤਾਲਿਬਾਨੀ ਲੀਡਰਸ਼ਿਪ ਵਿਚ ਵਿਹਾਰਕ ਧੜੇ ਤੇ ਕੱਟੜਪੰਥੀ ਆਗੂਆਂ ਵਿਚਾਲੇ ਮਤਭੇਦ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਤਾਲਿਬਾਨ ਵੱਲੋਂ ਪਿਛਲੇ ਹਫ਼ਤੇ ਕੱਟੜਪੰਥੀਆਂ ਦੀ ਸ਼ਮੂਲੀਅਤ ਵਾਲਾ ਇਕ ਮੰਤਰੀ ਮੰਡਲ ਬਣਾ ਲਿਆ ਗਿਆ ਸੀ ਜੋ ਕਿ ਜਥੇਬੰਦੀ ਦੇ 1990 ਵਾਲੇ ਰਾਜ ਵਾਂਗ ਮੁੜ ਰਾਜ ਕਰਨ ਦਾ ਇੱਛੁਕ ਹੈ ਜਦਕਿ ਇਸ ਤੋਂ ਪਹਿਲਾਂ ਤਾਲਿਬਾਨ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਜਥੇਬੰਦੀ ਸਾਰੇ ਵਰਗਾਂ ਦੀ ਸ਼ਮੂਲੀਅਤ ਵਾਲੀ ਸਰਕਾਰ ਬਣਾਏਗੀ। ਇਹ ਜਾਣਕਾਰੀ ਤਾਲਿਬਾਨ ਦੀ ਸੱਤਾ ਪ੍ਰਾਪਤੀ ਦੀ ਜੰਗ ਤੋਂ ਜਾਣੂ ਦੋ ਅਫ਼ਗਾਨੀ ਸੂਤਰਾਂ ਨੇ ਦਿੱਤੀ। ਪਰਦੇ ਦੇ ਪਿੱਛੇ ਜੰਗ ਜਾਰੀ ਹੈ ਪਰ ਇਸ ਦੌਰਾਨ ਇਹ ਅਫ਼ਵਾਹਾਂ ਵੀ ਫ਼ੈਲ ਗਈਆਂ ਕਿ ਰਾਸ਼ਟਰਪਤੀ ਪੈਲੇਸ ਵਿਚ ਤਾਲਿਬਾਨ ਦੇ ਗੁੱਟਾਂ ਵਿਚਾਲੇ ਹੋਈ ਝੜਪ ਵਿਚ ਵਿਹਾਰਕ ਧੜੇ ਦੇ ਆਗੂ ਅਬਦੁਲ ਗਨੀ ਬਰਾਦਰ ਦੀ ਮੌਤ ਹੋ ਗਈ ਹੈ। ਇਹ ਅਫ਼ਵਾਹਾਂ ਐਨੀ ਤੇਜ਼ੀ ਨਾਲ ਫੈਲੀਆਂ ਕਿ ਬਰਾਦਰ ਨੂੰ ਖ਼ੁਦ ਇਕ ਆਡੀਓ ਸੁਨੇਹਾ ਜਾਰੀ ਕਰ ਕੇ ਖ਼ੁਦ ਦੀ ਖੈਰੀਅਤ ਦੱਸਣੀ ਪਈ। ਬੁੱਧਵਾਰ ਨੂੰ ਬਰਾਦਰ ਦੇਸ਼ ਦੇ ਇਕ ਕੌਮੀ ਟੀਵੀ ’ਤੇ ਇੰਟਰਵਿਊ ਦਿੰਦਾ ਦਿਖਿਆ। ਇਸ ਤੋਂ ਇਲਾਵਾ ਰਾਸ਼ਟਰਪਤੀ ਪੈਲੇਸ ’ਤੇ ਝੁਲਾਏ ਜਾਣ ਵਾਲੇ ਝੰਡੇ ਨੂੰ ਲੈ ਕੇ ਵੀ ਦੋਹਾਂ ਧੜਿਆਂ ਵਿਚਾਲੇ ਤਣਾਅ ਚੱਲ ਰਿਹਾ ਹੈ। ਤਾਲਿਬਾਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਝੰਡੇ ਬਾਰੇ ਅਜੇ ਲੀਡਰਸ਼ਿਪ ਨੇ ਕੋਈ ਫੈਸਲਾ ਨਹੀਂ ਲਿਆ ਹੈ। ਨਾਂ ਨਾ ਛਾਪਣ ਦੀ ਸ਼ਰਤ ’ਤੇ ਉਸ ਨੇ ਦੱਸਿਆ ਕਿ ਫਿਲਹਾਲ ਦੋਵੇਂ ਝੰਡੇ ਝੂਲ ਰਹੇ ਹਨ। -ਏਪੀ