ਵਾਸ਼ਿੰਗਟਨ, 29 ਅਪਰੈਲ
ਅਮਰੀਕਾ ਆਉਣ ਵਾਲੇ ਦਿਨਾਂ ਵਿਚ ਦਸ ਕਰੋੜ ਅਮਰੀਕੀ ਡਾਲਰ ਕੀਮਤ ਦੀ ਕਰੋਨਾਵਾਇਰਸ ਰਾਹਤ ਸਮੱਗਰੀ ਭਾਰਤ ਨੂੰ ਭੇਜੇਗਾ। ਵ੍ਹਾਈਟ ਹਾਊਸ ਨੇ ਕਿਹਾ ਕਿ ਤੁਰੰਤ ਲੋੜੀਂਦੀ ਮੈਡੀਕਲ ਸਪਲਾਈ ਲੈ ਕੇ ਪਹਿਲੀ ਉਡਾਣ ਅਮਰੀਕਾ ਤੋਂ ਭਾਰਤ ਲਈ ਰਵਾਨਾ ਹੋ ਚੁੱਕੀ ਹੈ। ਕੌਮਾਂਤਰੀ ਵਿਕਾਸ ਸਬੰਧੀ ਅਮਰੀਕੀ ਏਜੰਸੀ (ਯੂਐਸਏਆਈਡੀ) ਨੇ ਕਿਹਾ ਕਿ ਬੁੱਧਵਾਰ ਰਾਤ ਨੂੰ ਟਰੈਵਿਸ ਹਵਾਈ ਸੈਨਾ ਦੇ ਹਵਾਈਅੱਡੇ ਤੋਂ ਇਹ ਜਹਾਜ਼ ਉਡਾਣ ਭਰ ਚੁੱਕਿਆ ਹੈ। ਯੂਐਸਏਆਈਡੀ ਨੇ ਕਿਹਾ ਕਿ ਇਸ ਪਹਿਲੀ ਖੇਪ ਵਿਚ 440 ਆਕਸੀਜਨ ਸਿਲੰਡਰ ਤੇ ਰੈਗੂਲੇਟਰ ਸ਼ਾਮਲ ਹਨ ਜੋ ਕੈਲੀਫੋਰਨੀਆ ਵੱਲੋਂ ਦਾਨ ਕੀਤੇ ਗਏ ਹਨ। ਇਸ ਦੇ ਨਾਲ ਹੀ ਇਸ ਪਹਿਲੀ ਉਡਾਣ ਵਿਚ ਯੂਐੱਸਆਈਡੀ ਵੱਲੋਂ ਕਰੋਨਾਵਾਇਰਸ ਦਾ ਪਤਾ ਲਾਉਣ ਲਈ 9,60,000 ਰੈਪਿਡ ਟੈਸਟ ਕਿੱਟਾਂ ਭੇਜੀਆਂ ਜਾ ਰਹੀਆਂ ਹਨ, ਜਿਸ ਨਾਲ ਕੋਵਿਡ-19 ਦੇ ਫੈਲਾਅ ਨੂੰ ਰੋਕਣ ਵਿਚ ਮਦਦ ਮਿਲੇਗੀ। ਇਸ ਤੋਂ ਇਲਾਵਾ ਇਸ ਮਹਾਮਾਰੀ ਖ਼ਿਲਾਫ਼ ਲੜਾਈ ਵਿਚ ਮੂਹਰੇ ਹੋ ਕੇ ਲੜ ਰਹੇ ਸਿਹਤ ਕਾਮਿਆਂ ਦੀ ਸੁਰੱਖਿਆ ਲਈ 100,000 ਐੱਨ95 ਮਾਸਕ ਵੀ ਭੇਜੇ ਗਏ ਹਨ। ਵ੍ਹਾਈਟ ਹਾਊਸ ਨੇ ਕਿਹਾ ਕਿ ਇਸ ਮੌਜੂਦਾ ਮਹਾਮਾਰੀ ਦੌਰਾਨ ਅਮਰੀਕਾ ਦੀਆਂ ਰਾਜ ਸਰਕਾਰਾਂ, ਨਿੱਜੀ ਕੰਪਨੀਆਂ, ਗੈਰ-ਸਰਕਾਰੀ ਸੰਸਥਾਵਾਂ ਤੇ ਦੇਸ਼ ਭਰ ਦੇ ਹਜ਼ਾਰਾਂ ਅਮਰੀਕੀਆਂ ਨੂੰ ਭਾਰਤੀ ਹਸਪਤਾਲਾਂ ਲਈ ਆਕਸੀਜਨ ਸਬੰਧੀ ਉਪਕਰਨ ਤੇ ਹੋਰ ਜ਼ਰੂਰੀ ਵਸਤਾਂ ਦੇਣ ਲਈ ਲਾਮਬੰਦ ਕੀਤਾ ਗਿਆ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਇਸ ਉਪਰਾਲੇ ਤੋਂ ਭਾਰਤ ਨਾਲ ਅਮਰੀਕਾ ਦੀ ਇਕਜੁੱਟਤਾ ਝਲਕਦੀ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਤੁਰੰਤ ਭੇਜੀ ਗਈ ਐਮਰਜੈਂਸੀ ਸਹਾਇਤਾ ਵਿਚ ਆਕਸੀਜਨ ਕੰਸਨਟਰੇਟਰ, ਆਕਸੀਜਨ ਉਤਪਾਦਨ ਇਕਾਈਆਂ, ਨਿੱਜੀ ਬਚਾਅ ਸਬੰਧੀ ਉਪਕਰਨ ਅਤੇ ਰੈਪਿਡ ਟੈਸਟ ਕਿੱਟਾਂ ਆਦਿ ਸ਼ਾਮਲ ਹਨ। ਮੁੱਢਲੇ ਤੌਰ ’ਤੇ ਭੇਜੇ ਗਏ ਆਕਸੀਜਨ ਦੇ 1100 ਸਿਲੰਡਰ ਭਾਰਤ ਵਿਚ ਹੀ ਰਹਿਣਗੇ ਜੋ ਸਥਾਨਕ ਤੌਰ ’ਤੇ ਭਰੇ ਜਾ ਸਕਣਗੇ। -ਪੀਟੀਆਈ
ਅਮਰੀਕਾ ਨੇ ਰੈਮਡੇਸਿਵਿਰ ਖੁਰਾਕਾਂ ਦੀ ਪਹਿਲੀ ਖੇਪ ਭੇਜੀ
ਵ੍ਹਾਈਟ ਹਾਊਸ ਵੱਲੋਂ ਜਾਰੀ ਕੀਤੀ ਗਈ ਫੈਕਟ ਸ਼ੀਟ ਅਨੁਸਾਰ ਅਮਰੀਕਾ ਵੱਲੋਂ ਹਸਪਤਾਲਾਂ ਵਿਚ ਭਰਤੀ ਮਰੀਜ਼ਾਂ ਵਾਸਤੇ ਰੈਮਡੇਸਿਵਿਰ ਦੀਆਂ ਖੁਰਾਕਾਂ ਦੀ ਪਹਿਲੀ ਖੇਪ ਭੇਜੀ ਗਈ ਹੈ ਜੋ ਕਿ 20,000 ਮਰੀਜ਼ਾਂ ਦੇ ਇਲਾਜ ਵਿਚ ਸਹਾਈ ਹੋਵੇਗੀ। ਵ੍ਹਾਈਟ ਹਾਊਸ ਨੇ ਕਿਹਾ ਕਿ ਦੋਵੇਂ ਦੇਸ਼ ਵਿਸ਼ਵ ਸਿਹਤ ਸੁਰੱਖਿਆ ਦੇ ਖੇਤਰ ਵਿਚ ਮਿਲ ਕੇ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਅਮਰੀਕਾ ਦੇ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਵੱਲੋਂ ਆਕਸੀਜਨ ਦੇ ਸਿਲੰਡਰ ਖ਼ਰੀਦੇ ਗਏ ਹਨ ਜੋ ਕਿ ਭਾਰਤ ਸਰਕਾਰ ਨਾਲ ਤਾਲਮੇਲ ਕਰ ਕੇ ਹਸਪਤਾਲਾਂ ਨੂੰ ਦਿੱਤੇ ਜਾਣਗੇ।