ਵਾਸ਼ਿੰਗਟਨ, 30 ਅਕਤੂਬਰ
ਅਮਰੀਕਾ ਰਣਨੀਤਕ ਤੌਰ ’ਤੇ ਅਹਿਮ ਹਿੰਦ ਪ੍ਰਸ਼ਾਤ ਖ਼ਿੱਤੇ ’ਚ ਵਿਆਪਕ ਅਤੇ ਸਥਿਰ ਭੂਮਿਕਾ ਨਿਭਾਉਣ ’ਚ ਭਾਰਤ ਦੀ ਸਹਾਇਤਾ ਕਰੇਗਾ। ਪੈਂਟਾਗਨ ਦੇ ਸੀਨੀਅਰ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਭਾਰਤ ਤੇਜ਼ੀ ਨਾਲ ਰੱਖਿਆ ਆਧੁਨਿਕੀਕਰਨ ਵੱਲ ਵਧ ਰਿਹਾ ਹੈ। ਪਿਛਲੇ ਸਾਲ ਸੱਤਾ ਸੰਭਾਲਣ ਮਗਰੋਂ ਬਾਇਡਨ ਸਰਕਾਰ ਨੇ ਭਾਰਤ-ਅਮਰੀਕੀ ਰੱਖਿਆ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਕਈ ਕਦਮ ਉਠਾਏ ਹਨ। ਅਧਿਕਾਰੀ ਨੇ ਕਿਹਾ,‘‘ਅਮਰੀਕਾ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਅਸੀਂ ਭਾਰਤ ਨਾਲ ਅਜਿਹੀ ਭਾਈਵਾਲੀ ਕਰੀਏ ਤਾਂ ਜੋ ਉਹ ਇਸ ਖੇਤਰ ’ਚ ਵਿਆਪਕ ਅਤੇ ਸਥਿਰ ਭੂਮਿਕਾ ਨਿਭਾ ਸਕੇ।’’ ਆਪਣਾ ਨਾਮ ਨਾ ਦੱਸਣ ਦੀ ਸ਼ਰਤ ’ਤੇ ਪੈਂਟਾਗਨ ਦੇ ਅਧਿਕਾਰੀ ਨੇ ਕਿਹਾ ਕਿ ਅਮਰੀਕੀ ਅਤੇ ਭਾਰਤੀ ਫ਼ੌਜ ਵਿਚਕਾਰ ਤਾਲਮੇਲ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੇ ਤਰੀਕਿਆਂ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਦੇ ਸਾਂਝੇ ਅਭਿਆਸ ਨਾਲ ਭਵਿੱਖ ’ਚ ਆਉਣ ਵਾਲੀਆਂ ਚੁਣੌਤੀਆਂ ਦਾ ਬਿਹਤਰ ਢੰਗ ਨਾਲ ਟਾਕਰਾ ਕੀਤਾ ਜਾ ਸਕੇਗਾ। ਉਂਜ ਅਧਿਕਾਰੀ ਨੇ ਇਹ ਦੱਸਣ ਤੋਂ ਗੁਰੇਜ਼ ਕੀਤਾ ਕਿ ਦੋਵੇਂ ਮੁਲਕ ਆਪਣੀਆਂ ਸਾਂਝੀਆਂ ਚੁਣੌਤੀਆਂ ਦਾ ਜਵਾਬ ਕਿਵੇਂ ਦੇਣਗੇ। ਦੋਵੇਂ ਮੁਲਕਾਂ ਦੀਆਂ ਫ਼ੌਜਾਂ ਨੇ ਬੀਤੇ ਸਮੇਂ ਦੌਰਾਨ ਕਈ ਕੁਦਰਤੀ ਆਫ਼ਤਾਂ ਸਮੇਂ ਰਾਹਤ ਅਤੇ ਬਚਾਅ ਕਾਰਜਾਂ ’ਚ ਤਾਲਮੇਲ ਬਣਾ ਕੇ ਕੰਮ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਉਭਰਦੀਆਂ ਤਕਨਾਲੋਜੀਆਂ ’ਚ ਉਹ ਇਕੱਠੇ ਕੰਮ ਕਰ ਰਹੇ ਹਨ ਕਿਉਂਕਿ ਜੰਗ ਦੇ ਆਧੁਨਿਕ ਤਰੀਕੇ ਖ਼ਤਰਨਾਕ ਹਨ। ਉਨ੍ਹਾਂ ਕਿਹਾ ਕਿ ਉਭਰਦੀਆਂ ਤਕਨਾਲੋਜੀਆਂ ਦੀ ਵਰਤੋਂ ਪੁਲਾੜ ਅਤੇ ਸਾਈਬਰ ਸਪੇਸ ’ਚ ਕੀਤੀ ਜਾ ਸਕਦੀ ਹੈ। ਅਧਿਕਾਰੀ ਨੇ ਕਿਹਾ ਕਿ ਹਰੇਕ ਮੁਲਕ ਘਰੇਲੂ ਸਨਅਤੀ ਆਧਾਰ ਮਜ਼ਬੂਤ ਚਾਹੁੰਦਾ ਹੈ। ‘ਕੋਵਿਡ ਤੇ ਯੂਕਰੇਨ ਜੰਗ ਨੇ ਸਾਨੂੰ ਸਾਰਿਆਂ ਨੂੰ ਇਹ ਚੇਤੇ ਕਰਵਾ ਦਿੱਤਾ ਹੈ।’’ ਉਨ੍ਹਾਂ ਆਤਮ-ਨਿਰਭਰ ਭਾਰਤ ਦਾ ਜ਼ਿਕਰ ਕਰਦਿਆਂ ਰੱਖਿਆ ਸਨਅਤ ਸਮੇਤ ਹੋਰ ਘਰੇਲੂ ਸਨਅਤਾਂ ’ਤੇ ਜ਼ੋਰ ਦਾ ਹਵਾਲਾ ਵੀ ਦਿੱਤਾ। -ਪੀਟੀਆਈ