ਦੁਬਈ, 3 ਅਕਤੂਬਰ
ਇਰਾਨ ਦੇ ਪ੍ਰਮੁੱਖ ਆਗੂ ਆਇਤਉੱਲਾ ਅਲੀ ਖਮੇਨੀ ਨੇ ਮੁਲਕ ’ਚ ਹੋ ਰਹੇ ਪ੍ਰਦਰਸ਼ਨਾਂ ’ਤੇ ਸੋਮਵਾਰ ਨੂੰ ਆਪਣੀ ਖਾਮੋਸ਼ੀ ਤੋੜਦਿਆਂ ਅਮਰੀਕਾ ਅਤੇ ਇਜ਼ਰਾਈਲ ’ਤੇ ਦੋਸ਼ ਲਾਇਆ ਹੈ ਕਿ ਉਹ ਹਿੰਸਕ ਪ੍ਰਦਰਸ਼ਨਾਂ ਲਈ ਜ਼ਿੰਮੇਵਾਰ ਹਨ। ਇਰਾਨੀ ਆਗੂ ਨੇ ਪੁਲੀਸ ਹਿਰਾਸਤ ’ਚ 22 ਵਰ੍ਹਿਆਂ ਦੇ ਮਾਹਸਾ ਅਮੀਨੀ ਦੀ ਹੋਈ ਮੌਤ ਨੂੰ ਦੁਖਦਾਈ ਘਟਨਾ ਕਰਾਰ ਦਿੰਦਿਆਂ ਕਿਹਾ ਕਿ ਇਸ ਨੇ ਸਾਰਿਆਂ ਦੇ ਦਿਲ ਤੋੜ ਦਿੱਤੇ ਹਨ। ਅਮੀਨੀ ਦੀ ਮੌਤ ਮਗਰੋਂ ਦੇਸ਼ ਭਰ ’ਚ ਪ੍ਰਦਰਸ਼ਨ ਹੋ ਰਹੇ ਹਨ। ਉਂਜ ਖਮੇਨੀ ਨੇ ਪ੍ਰਦਰਸ਼ਨਾਂ ਦੀ ਤਿੱਖੀ ਨਿਖੇਧੀ ਕਰਦਿਆਂ ਕਿਹਾ ਕਿ ਇਰਾਨ ਨੂੰ ਅਸਥਿਰ ਕਰਨ ਲਈ ਵਿਦੇਸ਼ੀ ਸਾਜ਼ਿਸ਼ ਘੜੀ ਗਈ ਹੈ। ਤਹਿਰਾਨ ’ਚ ਪੁਲੀਸ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੰਗਿਆਂ ਦੀ ਸਾਜ਼ਿਸ਼ ਪਹਿਲਾਂ ਤੋਂ ਤੈਅ ਸੀ ਅਤੇ ਪ੍ਰਦਰਸ਼ਨ ਗ਼ੈਰਕੁਦਰਤੀ ਸਨ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਅਮੀਨੀ ਦੀ ਮੌਤ ਮਗਰੋਂ ਦੇਸ਼ ’ਚ ਪ੍ਰਦਰਸ਼ਨਾਂ ਨੂੰ ਤੀਜਾ ਹਫ਼ਤਾ ਹੋ ਗਿਆ ਹੈ। ਸਰਕਾਰ ਵੱਲੋਂ ਪ੍ਰਦਰਸ਼ਨਾਂ ਨਾਲ ਸਿੱਝਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਇਹ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। -ਏਪੀ