ਵਾਸ਼ਿੰਗਟਨ, 14 ਅਕਤੂਬਰ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਜੀ-20 ਮੁਲਕਾਂ ਦੇ ਆਪਣੇ ਹਮਰੁਤਬਾ ਨੂੰ ਕਿਹਾ ਕਿ ਆਲਮੀ ਆਰਥਿਕਤਾ ਨੂੰ ਮੁੜ ਤਕੜਿਆਂ ਕਰਨ ਲਈ ਸਾਰਿਆਂ ਨੂੰ ਵੈਕਸੀਨ ਯਕੀਨੀ ਬਣਾਉਣਾ ਅਹਿਮ ਹੈ ਪਰ ਇਸ ਕੰਮ ’ਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਜੀ-20 ਮੁਲਕਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਤਾਰਾਮਨ ਨੇ ਕਿਹਾ ਕਿ ਆਲਮੀ ਆਰਥਿਕ ਰਿਕਵਰੀ ਲਈ ਹਮਾਇਤ, ਉਤਪਾਦਨ ਵਧਾਉਣ ਅਤੇ ਬੁਨਿਆਦੀ ਸੁਧਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਮੁਲਕਾਂ ਦਾ ਨੀਤੀਗਤ ਟੀਚਾ ਹੋਣਾ ਚਾਹੀਦਾ ਹੈ। ਜੀ-20 ਮੁਲਕਾਂ ਨੇ ਵਿੱਤੀ ਸਥਿਰਤਾ ਬਹਾਲ ਰਖਦਿਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਵਾਪਸ ਨਾ ਲੈਣ ਪ੍ਰਤੀ ਆਪਣੀ ਸਹਿਮਤੀ ਪ੍ਰਗਟਾਈ। ਇਟਲੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਆਲਮੀ ਆਰਥਿਕ ਰਿਕਵਰੀ, ਮਹਾਮਾਰੀ ਤੋਂ ਝੰਬੇ ਮੁਲਕਾਂ ਨੂੰ ਹਮਾਇਤ ਦੇਣ, ਆਲਮੀ ਸਿਹਤ, ਵਾਤਾਵਰਨ ਬਚਾਉਣ ਖਾਤਰ ਕਾਰਵਾਈ, ਕੌਮਾਂਤਰੀ ਟੈਕਸ ਅਤੇ ਵਿੱਤੀ ਖੇਤਰ ਜਿਹੇ ਮੁੱਦਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਸੀਤਾਰਾਮਨ ਨੇ ਮਹਾਮਾਰੀ ਦੌਰਾਨ ਜੀ-20 ਮੁਲਕਾਂ ਵੱਲੋਂ ਕੀਤੀ ਗਈ ਸਹਾਇਤਾ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਸੁਝਾਅ ਦਿੱਤਾ ਕਿ ਹੋਰ ਮੁਲਕਾਂ ਨੂੰ ਵੀ ਅਜਿਹੇ ਲਾਹੇ ਦੇਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। -ਪੀਟੀਆਈ
ਸੀਤਾਰਾਮਨ ਨੇ ਅਮਰੀਕੀ ਕੰਪਨੀਆਂ ਨੂੰ ਭਾਰਤ ’ਚ ਨਿਵੇਸ਼ ਦਾ ਸੱਦਾ ਦਿੱਤਾ
ਵਾਸ਼ਿੰਗਟਨ: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅਮਰੀਕਾ ਦੀਆਂ ਸਿਖਰਲੀਆਂ ਕੰਪਨੀਆਂ ਦੇ ਸੀਈਓਜ਼ ਨੂੰ ਨਿਵੇਸ਼ ਦਾ ਸੱਦਾ ਦਿੰਦਿਆਂ ਕਿਹਾ ਕਿ ਭਾਰਤ ’ਚ ਨਿਵੇਸ਼ਕਾਂ ਅਤੇ ਕੰਪਨੀਆਂ ਲਈ ਵਧੀਆ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਐਮਵੇਅ ਦੇ ਸੀਈਓ ਮਿਲਿੰਦ ਪੰਤ, ਬੋਇੰਗ ਦੇ ਮੁੱਖ ਰਣਨੀਤਕ ਅਧਿਕਾਰੀ ਬੀ ਮਾਰਕ ਐਲੇਨ, ਨੋਵਾਵੈਕਸ ਦੇ ਸੀਈਓ ਸਟੇਨਲੇਅ ਐਰਕ ਨਾਲ ਮੀਟਿੰਗ ਦੌਰਾਨ ਉਨ੍ਹਾਂ ਭਾਰਤ ਸਰਕਾਰ ਵੱਲੋਂ ਆਤਮ ਨਿਰਭਰ ਭਾਰਤ ਤਹਿਤ ਚਲਾਏ ਜਾ ਰਹੇ ਵੱਖ ਵੱਖ ਪ੍ਰੋਗਰਾਮਾਂ ਦੀ ਜਾਣਕਾਰੀ ਵੀ ਦਿੱਤੀ। ਸੀਤਾਰਾਮਨ ਇਥੇ ਕੌਮਾਂਤਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਦੀ ਸਾਲਾਨਾ ਬੈਠਕਾਂ ’ਚ ਹਿੱਸਾ ਲੈਣ ਲਈ ਆਈ ਹੋਈ ਹੈ। -ਪੀਟੀਆਈ